ਨਵੀਂ ਦਿੱਲੀ, 19 ਦਸੰਬਰ- ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੱਜ ਵੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਹੰਗਾਮਾ ਵੇਖਣ ਨੂੰ ਮਿਲਿਆ। ਵਿਰੋਧੀ ਧਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਬਿਆਨ ਤੇ ਅੜੀ ਹੋਈ ਹੈ। ਲੋਕ ਸਭਾ ਵਿੱਚ ਸੁਰੱਖਿਆ ਦੇ ਮੁੱਦੇ ਤੇ ਸਦਨ ਵਿੱਚ ਭਾਰੀ ਹੰਗਾਮਾ ਕਰਨ ਵਾਲੇ 49 ਵਿਰੋਧੀ ਸੰਸਦ ਮੈਂਬਰਾਂ ਨੂੰ ਸਰਦ ਰੁੱਤ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਅਜਿਹੇ ਵਿੱਚ ਸੰਸਦ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੀ ਗਿਣਤੀ 141 ਹੋ ਗਈ ਹੈ। ਇਨ੍ਹਾਂ ਵਿਚੋਂ 94 ਸੰਸਦ ਮੈਂਬਰ ਲੋਕ ਸਭਾ ਅਤੇ 46 ਸੰਸਦ ਮੈਂਬਰ ਰਾਜ ਸਭਾ ਤੋਂ ਹਨ। 18 ਦਸੰਬਰ ਤੱਕ ਸੰਸਦ ਦੇ ਕੁੱਲ 92 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ।
ਕਾਂਗਰਸ ਨੇਤਾ ਮਨੀਸ਼ ਤਿਵਾੜੀ, ਕਾਰਤੀ ਚਿਦੰਬਰਮ, ਸ਼ਸ਼ੀ ਥਰੂਰ, ਦਾਨਿਸ਼ ਅਲੀ, ਸੁਪ੍ਰਿਆ ਸੁਲੇ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਐਸ.ਟੀ ਹਸਨ, ਸੰਸਦ ਮੈਂਬਰ ਮਾਲਾ ਰਾਏ, ਸਮਾਜਵਾਦੀ ਪਾਰਟੀ ਨੇਤਾ ਡਿੰਪਲ ਯਾਦਵ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਸਮੇਤ 49 ਸੰਸਦ ਮੈਂਬਰ ਮੁਅੱਤਲ ਕੀਤੇ ਗਏ ਹਨ।
ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਹੰਗਾਮਾ ਨਾ ਕਰਨ ਅਤੇ ਨਿਯਮਾਂ ਅਨੁਸਾਰ ਸਦਨ ਦੀ ਕਾਰਵਾਈ ਜਾਰੀ ਰੱਖਣ ਦੀ ਅਪੀਲ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਇਹ ਘਰ ਤੁਹਾਡਾ ਹੈ। ਸਦਨ ਨਿਯਮਾਂ ਨਾਲ ਚੱਲਦਾ ਹੈ। ਤੁਸੀਂ ਨਿਯਮ ਆਪ ਬਣਾਏ ਹਨ। ਤੁਸੀਂ ਇਹ ਵੀ ਕਿਹਾ ਸੀ ਕਿ ਸਦਨ ਵਿੱਚ ਤਖ਼ਤੀਆਂ ਨਾ ਲਿਆਂਦੀਆਂ ਜਾਣ। ਜੇਕਰ ਤੁਸੀਂ ਤਖ਼ਤੀਆਂ ਲੈ ਕੇ ਆਉਂਦੇ ਹੋ ਤਾਂ ਸਦਨ ਨਹੀਂ ਚੱਲੇਗਾ। ਮੈਂ ਕਿਸੇ ਵੀ ਮੈਂਬਰ ਵਿਰੁੱਧ ਕਾਰਵਾਈ ਨਹੀਂ ਕਰਨਾ ਚਾਹੁੰਦਾ ਪਰ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ, ਕਿਉਂਕਿ ਸਦਨ ਨਿਯਮਾਂ ਨਾਲ ਚਲਦਾ ਹੈ। ਸਦਨ ਦੀ ਕਾਰਵਾਈ ਤੇ ਪੂਰੇ ਦੇਸ਼ ਦੀ ਨਜ਼ਰ ਹੈ।
ਸੰਸਦ ਦੇ ਦੋਵਾਂ ਸਦਨਾਂ ਤੋਂ ਵਿਰੋਧੀ ਧਿਰ ਦੇ 90 ਤੋਂ ਵੱਧ ਮੈਂਬਰਾਂ ਦੀ ਮੁਅੱਤਲੀ ਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ ਅਤੇ ਸਦਨ ਦੀ ਮੌਕ ਕਾਰਵਾਈ ਦਾ ਆਯੋਜਨ ਕੀਤਾ।
ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨੇ ਨਵੀਂ ਸੰਸਦ ਭਵਨ ਦੇ ਮਕਰ ਦੁਆਰ ਤੇ ਧਰਨਾ ਦਿੱਤਾ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਲੋਕ ਸਭਾ ਮੈਂਬਰ ਕਲਿਆਣ ਬੈਨਰਜੀ ਨੇ ਰਾਜ ਸਭਾ ਦੀ ਕਾਰਵਾਈ ਚਲਾਉਂਦੇ ਹੋਏ ਚੇਅਰਮੈਨ ਜਗਦੀਪ ਧਨਖੜ ਦੇ ਬੋਲਣ ਦੇ ਅੰਦਾਜ਼ ਦੀ ਨਕਲ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਮੌਕੇ ਤੇ ਖੜ੍ਹੇ ਸਨ ਅਤੇ ਉਹ ਬੈਨਰਜੀ ਵਲੋਂ ਧਨਖੜ ਦੀ ਨਕਲ ਕੀਤੇ ਜਾਣ ਦਾ ਮੋਬਾਇਲ ਫੋਨ ਤੋਂ ਵੀਡੀਓ ਬਣਾਉਂਦੇ ਹੋਏ ਵੇਖੇ ਗਏ।