ਪੇਸ਼ਾਵਰ, 15 ਦਸੰਬਰ -ਉੱਤਰ-ਪੱਛਮੀ ਪਾਕਿਸਤਾਨ ਵਿੱਚ ਅੱਜ ਇੱਕ ਖੇਤਰੀ ਪੁਲੀਸ ਹੈਡਕੁਆਰਟਰ ਤੇ ਅੱਤਵਾਦੀਆਂ ਵਲੋਂ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਦੋ ਪੁਲੀਸ ਕਰਮਚਾਰੀਆਂ ਦੀ ਮੌਤ ਹੋ ਗਈ। ਇਸ ਹਮਲੇ ਵਿੱਚ ਦੋ ਪੁਲੀਸ ਕਰਮਚਾਰੀ ਜ਼ਖ਼ਮੀ ਵੀ ਹੋਏ ਹਨ। ਤਿੰਨ ਦਿਨ ਪਹਿਲਾਂ ਵੀ ਇਸੇ ਇਲਾਕੇ ਵਿੱਚ ਅੱਤਵਾਦੀਆਂ ਨੇ 23 ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ।
ਇਹ ਹਮਲਾ ਖੈਬਰ ਪਖਤੂਨਖਵਾ ਦੇ ਟਾਂਕ ਜ਼ਿਲ੍ਹੇ ਵਿੱਚ ਪੁਲੀਸ ਲਾਈਨ ਤੇ ਹੋਇਆ ਹੈ। ਟੈਂਕ ਦੇ ਜ਼ਿਲ੍ਹਾ ਪੁਲੀਸ ਅਧਿਕਾਰੀ ਇਫਤਿਖਾਰ ਸ਼ਾਹ ਦੇ ਹਵਾਲੇ ਨਾਲ ਕਿਹਾ ਕਿ ਇਕ ਅੱਤਵਾਦੀ ਨੇ ਆਤਮਘਾਤੀ ਬੰਬ ਨਾਲ ਆਪਣੇ ਆਪ ਨੂੰ ਉਡਾ ਲਿਆ ਅਤੇ ਇਕ ਵੱਡਾ ਹਮਲਾ ਟਲ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਲਾਈਨ ਵਿੱਚ ਮੌਜੂਦ ਸਾਰੇ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਇਲਾਕੇ ਵਿੱਚ ਹੋਰ ਅੱਤਵਾਦੀਆਂ ਦੀ ਮੌਜੂਦਗੀ ਦੀ ਚਿਤਾਵਨੀ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇੱਕ ਨਵੇਂ ਅੱਤਵਾਦੀ ਸਮੂਹ ਅੰਸਾਰੁਲ ਜੇਹਾਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਤਹਿਰੀਕ-ਏ- ਜੇਹਾਦ ਪਾਕਿਸਤਾਨ ਦੇ ਅੱਤਵਾਦੀਆਂ ਦੇ ਹਮਲੇ ਤੋਂ ਕੁਝ ਦਿਨ ਬਾਅਦ ਹੋਇਆ ਹੈ। ਟੀਜੇਪੀ ਦੇ ਹਮਲੇ ਵਿੱਚ 23 ਸੈਨਿਕ ਮਾਰੇ ਗਏ ਸਨ, ਜਦੋਂ ਕਿ 30 ਤੋਂ ਵੱਧ ਜ਼ਖਮੀ ਹੋ ਗਏ ਸਨ। ਪਾਕਿਸਤਾਨ ਵਿੱਚ ਹੋਏ ਕੁੱਝ ਵੱਡੇ ਹਮਲਿਆਂ ਪਿੱਛੇ ਅੱਤਵਾਦੀ ਸੰਗਠਨ ਟੀਜੇਪੀ ਦਾ ਹੱਥ ਰਿਹਾ ਹੈ।