ਰੋਮ, 18 ਦਸੰਬਰ – ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਕਿਹਾ ਹੈ ਕਿ ਇਸਲਾਮਿਕ ਸੱਭਿਆਚਾਰ ਅਤੇ ਯੂਰਪੀ ਸੱਭਿਆਚਾਰ ਦਾ ਆਪਸ ਵਿਚ ਮੇਲ ਨਹੀਂ ਹੈ। ਅਜਿਹੇ ਵਿੱਚ ਯੂਰਪ ਵਿੱਚ ਇਸਲਾਮ ਦੀ ਕੋਈ ਥਾਂ ਨਹੀਂ ਹੈ। ਮੇਲੋਨੀ ਨੇ ਕਿਹਾ ਕਿ ਇਟਲੀ ਵਿੱਚ ਇਸਲਾਮ ਦੇ ਸੱਭਿਆਚਾਰਕ ਕੇਂਦਰਾਂ ਨੂੰ ਸਾਊਦੀ ਅਰਬ ਵੱਲੋਂ ਫੰਡ ਦਿੱਤਾ ਜਾ ਰਿਹਾ ਹੈ, ਜਿੱਥੇ ਸ਼ਰੀਆ ਕਾਨੂੰਨ ਲਾਗੂ ਹੈ। ਯੂਰਪ ਵਿੱਚ ਇਸਲਾਮੀਕਰਨ ਦੀ ਜੋ ਪ੍ਰਕਿਰਿਆ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਸਾਡੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਹੈ। ਅਜਿਹੀ ਸਥਿਤੀ ਵਿੱਚ ਮੁਸਲਮਾਨਾਂ ਨੂੰ ਯੂਰਪ ਤੋਂ ਦੂਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸਲਾਮੀ ਸਭਿਅਤਾ ਨੂੰ ਯੂਰਪ ਤੋਂ ਦੂਰ ਰਹਿਣਾ ਬਿਹਤਰ ਦੱਸਦਿਆਂ ਕਿਹਾ ਕਿ ਸਾਡੀ ਸਭਿਅਤਾ ਅਤੇ ਇਸਲਾਮੀ ਕਦਰਾਂ-ਕੀਮਤਾਂ ਵਿੱਚ ਕੋਈ ਮੇਲ ਨਹੀਂ ਹੈ, ਦੋਵੇਂ ਹੀ ਵਿਰੋਧੀ ਹਨ। ਜਾਰਜੀਆ ਮੇਲੋਨੀ ਦੀ ਇਹ ਟਿੱਪਣੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਯੂਰਪ ਦੀ ਸੰਸਕ੍ਰਿਤੀ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਖਤਰਾ ਹੈ। ਦਰਅਸਲ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਹਾਲੀਆ ਇਟਲੀ ਫੇਰੀ ਦੌਰਾਨ ਕਿਹਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਗਿਣਤੀ ਯੂਰਪੀ ਸਮਾਜ ਨੂੰ ਅਸਥਿਰ ਕਰ ਦੇਵੇਗੀ। ਅਜਿਹੀ ਸਥਿਤੀ ਵਿੱਚ ਸਾਨੂੰ ਆਪਣੇ ਕਾਨੂੰਨਾਂ ਨੂੰ ਅਪਡੇਟ ਕਰਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਗੱਲਬਾਤ ਕਰਨ ਦੀ ਲੋੜ ਹੈ। ਤਾਂ ਜੋ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਯੂਰਪ ਦੀ ਸਮੱਸਿਆ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਸੁਨਕ ਤੋਂ ਬਾਅਦ ਹੁਣ ਜਾਰਜੀਆ ਨੇ ਇਸਲਾਮ ਅਤੇ ਯੂਰਪ ਵਿੱਚ ਆਉਣ ਵਾਲੇ ਮੁਸਲਮਾਨਾਂ ਨੂੰ ਲੈ ਕੇ ਇਹ ਬਿਆਨ ਦਿੱਤਾ।