ਨਵੀਂ ਦਿੱਲੀ, 18 ਜੂਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸਿਹਤ, ਪੀ.ਡਬਲਿਊ.ਡੀ., ਬਿਜਲੀ ਅਤੇ ਹੋਰ ਵਿਭਾਗਾਂ ਦਾ ਅਹੁਦਾ ਸੰਭਾਲਿਆ, ਜੋ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਸਤੇਂਦਰ ਜੈਨ ਕੋਲ ਸਨ| ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ| ਜੈਨ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ| ਇਸ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਆਕਸੀਜਨ ਦੇ ਪੱਧਰ ਵਿੱਚ ਅਚਾਨਕ ਗਿਰਾਵਟ ਅਤੇ ਤੇਜ਼ ਬੁਖਾਰ ਤੋਂ ਬਾਅਦ ਤੜਕੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ (ਆਰ.ਜੀ.ਐਸ.ਐਸ.ਐਚ.) ਵਿੱਚ ਭਰਤੀ ਕਰਵਾਇਆ ਗਿਆ ਸੀ| ਇਕ ਅਧਿਕਾਰੀ ਨੇ ਦੱਸਿਆ ਕਿ ਜੈਨ ਜਦੋਂ ਤੱਕ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੋ ਜਾਂਦੇ, ਉਹ ਆਪ ਸਰਕਾਰ ਵਿੱਚ ਬਿਨਾਂ ਕਿਸੇ ਵਿਭਾਗ ਦੇ ਕੈਬਨਿਟ ਮੰਤਰੀ ਬਣੇ ਰਹਿਣਗੇ| ਉਨ੍ਹਾਂ ਕਿਹਾ,”ਉੱਪ ਮੁੱਖ ਮੰਤਰੀ ਨੂੰ ਸਿਹਤ, ਲੋਕ ਨਿਰਮਾਣ ਵਿਭਾਗ, ਬਿਜਲੀ ਅਤੇ ਹੋਰ ਵਿਭਾਗਾਂ ਦਾ ਅਹੁਦਾ ਸੌਂਪਿਆ ਗਿਆ ਹੈ|” ਸ੍ਰੀ ਜੈਨ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਸੰਬੰਧੀ ਹਾਲਾਤ ਤੇ ਚਰਚਾ ਲਈ ਇਕ ਉੱਚ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ, ਜਿਸ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਸੀ| ਇਸ ਮੀਟਿੰਗ ਵਿੱਚ ਦਿੱਲੀ ਦੇ ਰਾਜਪਾਲ ਅਨਿਲ ਬੈਜਲ, ਕੇਜਰੀਵਾਲ, ਸਿਸੋਦੀਆ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਵੀ ਸ਼ਾਮਲ ਹੋਏ ਸਨ|