ਨਵੀਂ ਦਿੱਲੀ, 14 ਦਸੰਬਰ – ਪਾਰਲੀਮੈਂਟ ਤੇ ਹਮਲੇ ਵਿੱਚ ਸੁਰੱਖਿਆ ਵਿੱਚ ਕਮੀ ਲਈ ਜ਼ਿੰਮੇਵਾਰ 8 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਿਹਨਾਂ ਵਿਚ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ, ਅਤੇ ਨਰਿੰਦਰ ਦਾ ਨਾਮ ਸ਼ਾਮਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੋਰ ਲੋਕਾਂ ਖਿਲਾਫ਼ ਵੀ ਕਾਰਵਾਈ ਹੋ ਸਕਦੀ ਹੈ। ਇਸ ਦੇ ਨਾਲ ਹੀ ਅੱਜ ਪੀਐਮ ਮੋਦੀ ਵੀ ਸੰਸਦ ਵਿੱਚ ਪਹੁੰਚੇ ਅਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕੀਤੀ। ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਅਨੁਰਾਗ ਠਾਕੁਰ ਮੌਜੂਦ ਸਨ।
ਪੁਲੀਸ ਅਨੁਸਾਰ ਮੁਲਜ਼ਮ ਪਹਿਲਾਂ ਵੀ ਸੰਸਦ ਦੇ ਬਾਹਰ ਰੇਕੀ ਕਰ ਚੁੱਕੇ ਹਨ। ਸਾਰੇ ਮੁਲਜ਼ਮ ਇੱਕ ਸੋਸ਼ਲ ਮੀਡੀਆ ਪੇਜ ਭਗਤ ਸਿੰਘ ਫੈਨ ਕਲੱਬ ਨਾਲ ਜੁੜੇ ਹੋਏ ਸਨ। ਕਰੀਬ ਡੇਢ ਸਾਲ ਪਹਿਲਾਂ ਸਾਰੇ ਮੁਲਜ਼ਮ ਮੈਸੂਰ ਵਿਚ ਮਿਲੇ ਸਨ। ਦੋਸ਼ੀ ਸਾਗਰ ਜੁਲਾਈ ਵਿੱਚ ਲਖਨਊ ਤੋਂ ਦਿੱਲੀ ਆਇਆ ਸੀ ਪਰ ਸੰਸਦ ਭਵਨ ਵਿੱਚ ਦਾਖਲ ਨਹੀਂ ਹੋ ਸਕੇ। ਬੀਤੀ 10 ਦਸੰਬਰ ਨੂੰ ਇਕ-ਇਕ ਕਰਕੇ ਸਾਰੇ ਆਪੋ-ਆਪਣੇ ਸੂਬਿਆਂ ਤੋਂ ਦਿੱਲੀ ਪਹੁੰਚ ਗਏ।
10 ਦਸੰਬਰ ਦੀ ਰਾਤ ਨੂੰ ਗੁਰੂਗ੍ਰਾਮ ਸਥਿਤ ਵਿੱਕੀ ਦੇ ਘਰ ਪਹੁੰਚੇ। ਲਲਿਤ ਝਾਅ ਵੀ ਦੇਰ ਰਾਤ ਗੁਰੂਗ੍ਰਾਮ ਪਹੁੰਚ ਗਿਆ ਸੀ। ਅਮੋਲ ਮਹਾਰਾਸ਼ਟਰ ਤੋਂ ਰੰਗਦਾਰ ਪਦਾਰਥ ਲੈ ਕੇ ਆਇਆ ਸੀ। ਪੁਲੀਸ ਮੁਤਾਬਕ ਇਸ ਮਾਮਲੇ ਵਿੱਚ ਕੁੱਲ 6 ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਕ ਵਿਅਕਤੀ ਲਲਿਤ ਝਾਅ ਅਜੇ ਫਰਾਰ ਹੈ। ਇਹ ਸਾਰੇ ਲੋਕ ਵਿੱਕੀ ਸ਼ਰਮਾ ਨਾਂ ਦੇ ਵਿਅਕਤੀ ਦੇ ਘਰ ਰਹਿ ਰਹੇ ਸਨ। ਵਿੱਕੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੰਸਦ ਦੇ ਅੰਦਰੋਂ ਫੜੇ ਗਏ ਦੋ ਵਿਅਕਤੀਆਂ ਦੀ ਪਛਾਣ ਮਨੋਰੰਜਨ ਅਤੇ ਸਾਗਰ ਵਜੋਂ ਹੋਈ ਹੈ। ਸੰਸਦ ਭਵਨ ਦੇ ਬਾਹਰੋਂ ਫੜੇ ਗਏ ਦੋ ਵਿਅਕਤੀਆਂ ਦੀ ਪਛਾਣ ਨੀਲਮ ਅਤੇ ਅਮੋਲ ਵਜੋਂ ਹੋਈ ਹੈ।