ਫਾਜ਼ਿਲਕਾ , 1 ਦਸੰਬਰ 2023 : ਫਾਜ਼ਿਲਕਾ ਜ਼ਿਲ੍ਹੇ ਦੇ ਝੋਨੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਨੂੰ ਝੋਨੇ ਦੀ ਸਰਕਾਰੀ ਖਰੀਦ ਤੋਂ ਬਾਅਦ ਸਰਕਾਰ ਵੱਲੋਂ ਉਨ੍ਹਾਂ ਦੇ ਖਾਤਿਆਂ ਵਿਚ 350 ਕਰੋੜ ਰੁਪਏ ਤੋਂ ਵੱਧ ਦੀ ਰਕਮ ਪਾ ਦਿੱਤੀ ਹੈ।
ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਝੋਨੇ ਦੀ ਚੰਗੀ ਕਾਸਤ ਲਈ ਕਿਸਾਨਾਂ ਨੂੰ ਵਧਾਈ ਵੀ ਦਿੱਤੀ ਹੈ।
ਓਧਰ ਸਰਕਾਰ ਨੇ ਝੋਨੇ ਦੀ ਸਰਕਾਰੀ ਖਰੀਦ ਜੋ ਕਿ 30 ਨਵੰਬਰ ਨੂੰ ਬੰਦ ਹੋ ਰਹੀ ਸੀ ਨੂੰ 7 ਦਸੰਬਰ ਤੱਕ ਹੋਰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਜਿੰਨ੍ਹਾਂ ਕਿਸਾਨਾਂ ਦੀ ਪਿਛੇਤੀ ਫਸਲ ਸੀ ਉਹ ਵੀ ਆਪਣੀ ਫਸਲ ਸਰਕਾਰੀ ਸਮਰੱਥਨ ਮੁੱਲ ਤੇ ਵੇਚ ਸਕਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 170030 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਸੀ ਅਤੇ ਇਸਦੀ ਖਰੀਦ ਹੋ ਚੁੱਕੀ ਹੈ।ਪਨਗ੍ਰੇਨ ਨੇ ਜ਼ਿਲ੍ਹੇ ਵਿਚ 62416 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਮਾਰਕਫੈਡ ਨੇ 37368 ਮੀਟ੍ਰਿਕ ਟਨ ਝੋਨੇ ਦੀ ਖਰੀਦ ਜ਼ਿਲ੍ਹੇ ਦੀਆਂ ਮੰਡੀਆਂ ਵਿਚੋਂ ਕੀਤੀ ਹੈ। ਪਨਸਪ ਨੇ 38762 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ ਜਦ ਕਿ ਪੰਜਾਬ ਰਾਜ ਵੇਅਰ ਹਾਉਸ ਕਾਰਪੋਰੇਸ਼ਨ ਨੇ 20648 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਇਸਤੋਂ ਬਿਨ੍ਹਾਂ ਪ੍ਰਾਈਵੇਟ ਵਪਾਰੀਆਂ ਨੇ 10835 ਮੀਟ੍ਰਿਕ ਟਨ ਝੋਨੇ ਦੀ ਖਰੀਦ ਜ਼ਿਲ੍ਹੇ ਵਿਚ ਕੀਤੀ ਹੈ। ਬੀਤੇ ਕੱਲ ਜ਼ਿਲ੍ਹੇ ਵਿਚ 15 ਟਨ ਹੀ ਝੋਨੇ ਦੀ ਫਸਲ ਦੀ ਆਮਦ ਹੋਈ ਸੀ।