ਨਵਾਂਸ਼ਹਿਰ, 29 ਜੂਨ,2020 : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਨਵਾਂਸ਼ਹਿਰ ਵਿਖੇ ਆਖਿਆ ਕਿ ਜੈ ਜਵਾਨ ਤੇ ਜੈ ਕਿਸਾਨ ਨੂੰ ਨੁੱਕਰੇ ਲਾ ਕੇ ਮੋਦੀ ਸਰਕਾਰ-ਸ਼ਾਹੂਕਾਰਾਂ ਦੀ, ਸ਼ਾਹੂਕਾਰਾਂ ਲਈ ਅਤੇ ਸ਼ਾਹੂਕਾਰਾਂ ਦੁਆਰਾ ਬਣੀ ਸਰਕਾਰ ਸਾਬਿਤ ਹੋਈ ਹੈ।
ਅੱਜ ਇੱਥੇ ਡੀ ਸੀ ਦਫ਼ਤਰ ਤੱਕ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ’ਚ ਐਮ ਐਲ ਏ ਅੰਗਦ ਸਿੰਘ ਤੇ ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਿਬੀਰ ਸਿੰਘ ਪੱਲੀ ਝਿੱਕੀ, ਸਾਬਕਾ ਐਮ ਐਲ ਏ ਤਰਲੋਚਨ ਸਿੰਘ ਸੂੰਢ ਅਤੇ ਹੋਰ ਆਗੂਆਂ ਨਾਲ, ਆਈ ਟੀ ਆਈ ਤੋਂ ਡੀ ਸੀ ਦਫ਼ਤਰ ਤੱਕ ਰੱਸੇ ਨਾਲ ਟ੍ਰੈਕਟਰ ਖਿੱਚ ਕੇ ਲਿਆਏ ਜਾਖੜ ਨੇ ਕਿਹਾ ਕਿ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਦਾਈਏ ਬੰਨ੍ਹਣ ਵਾਲੇ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਦਾਅਵੇ ਕਰਨ ਵਾਲੇ ਅਦਾਲਤ ’ਚ ਹਲਫ਼ਨਾਮਾ ਦੇ ਆਏ ਕਿ ਅਸੀਂ ਨਹੀਂ ਕਰ ਸਕਦੇ। ਕਿਸਾਨ ਨੂੰ ਕੋਰੋਨਾ ਦਾ ਨੁਕਸਾਨ ਕਿਵੇਂ ਹੋਇਆ, ਮਜ਼ਦੂਰ ਸਾਰੇ ਵਾਪਸ ਚਲੇ ਗਏ, ਝੋਨੇ ਦੀ ਲੁਆਈ 2 ਤੋਂ 3 ਹਜ਼ਾਰ ਏਕੜ ਵਧ ਗਈ। ਉਦੋਂ ਡਾ. ਮਨਮੋਹਨ ਸਿੰਘ ਦੇ ਸਮੇਂ ਦੇ 63 ਰੁਪਏ ਜਦਕਿ ਕੱਚੇ ਤੇਲ ਦੀ ਕੀਮਤ 104 ਡਾਲਰ ਸੀ। ਅੱਜ 40 ਡਾਲਰ ਹੈ ਤੇ ਭਾਅ 80 ਰੁਪਏ। ਇਹ 17 ਰੁਪਏ ਦਾ ਫ਼ਰਕ ਤੇ ਡਰੱਮ ਮਗਰ 3400 ਦਾ ਫ਼ਰਕ, ਇੱਕ ਕਿਸਾਨ ਜੇਕਰ ਸਾਲ ਦੇ ਦੋ ਡਰੰਮ ਵਰਤਦਾ ਹੈ ਤਾਂ 7000 ਲੈ ਕੇ, 6000 ਕਿਸਾਨ ਸਮਾਨ ਨਿਧੀ ਰਾਹੀਂ ਦੇ ਦਿੱਤੇ ਤੇ ਇੱਕ ਹਜ਼ਾਰ ਫ਼ਿਰ ਕਿਸਾਨਾਂ ਦੇ ਸਿਰਾਂ ਤੋਂ ਹੀ ਕਮਾ ਲਿਆ। ਕਿਸਾਨ ਦਾ ਬੇਵਕੂਫ਼ ਬਣਾਇਆ ਜਾ ਰਿਹਾ ਹੈ। ਗੱਬਰ ਸਿੰਘ ਵਾਂਗ ਨਰਿੰਦਰ ਮੋਦੀ ਕਿਸਾਨਾਂ ਨੂੰ ਖੁਰਚ-ਖੁਰਚ ਕੇ ਮਾਰ ਰਿਹਾ। ਕੀਮਤਾਂ ਗਿਰਦੀਆਂ ਗਈਆਂ ਅਤੇ ਐਕਸਾਈਜ਼ ਡਿਊਟੀ ਵਧਾਉਂਦੇ ਗਏ।
ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਡੀਜ਼ਲ ਕੀਮਤਾਂ ’ਚ ਬੇਤਹਾਸ਼ਾ ਵਾਧੇ ਕਾਰਨ ਕਿਸਾਨ ਦੇ ਟ੍ਰੈਕਟਰ ਨੂੰ ਗੱਡਾ ਬਣਾ ਕੇ ਖਿੱਚਣ ਦਾ ਕੋਈ ਡਰਾਮਾ ਕਰਨ ਨਹੀਂ ਆਇਆ। ਪੰਜਾਬ ’ਚ ਮਾਲ ਢੋਣ ਵਾਲੇ ਵਾਹਨਾਂ ’ਤੇ ਟੈਕਸ ਲੱਗਦਾ ਸੀ ਤਾਂ ਟ੍ਰੈਕਟਰ ਨੂੰ ਕਿਸਾਨ ਦਾ ਗੱਡਾ ਦੱਸਿਆ ਗਿਆ ਪਰ ਉਦੋਂ ਤਾਂ ਕਿਸਾਨ ਦਾ ਗੱਡਾ ਨਹੀਂ ਬਣਿਆ ਅੱਜ ਡੀਜ਼ਲ ਦੀਆਂ ਕੀਮਤਾਂ ਪੈਟਰੋਲ ਤੋਂ ਵਧਾ ਕੇ ਗੱਡਾ ਜ਼ਰੂਰ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਰਕਾਰ ਮੌਕੇ ਤੇਲ ਦੀਆਂ ਸਥਿਰ ਕੀਮਤਾਂ ਕਾਰਨ ਰਿਲਾਇੰਸ ਤੇ ਐਸ ਆਰ ਦੇ ਪੈਟਰੋਲ ਪੰਪ ਨਹੀਂ ਸਨ ਚੱਲਦੇ ਪਰ ਹੁਣ ਅੰਬਾਨੀ, ਅਡਾਨੀ ਤੇ ਹੋਰ ਸ਼ਾਹੂਕਾਰਾਂ ਦੇ ਢਿੱਲ ਭਰਨ ਲਈ ਕਿਸਾਨੀ ਅਤੇ ਆਮ ਲੋਕ ਦਾਅ ’ਤੇ ਲਾ ਦਿੱਤੇ ਹਨ।
ਖੇਤੀ ਆਰਡੀਨੈਂਸ ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬਿਆਨ ਕਿ ਐਮ ਐਸ ਪੀ ਤਾਂ ਰਹੇਗੀ, ’ਤੇ ਸੁਆਲ ਖੜ੍ਹਾ ਕਰਦਿਆਂ ਉਨ੍ਹਾਂ ਕਿਹਾ ਕਿ ਸੁਆਲ ਤਾਂ ਇਹ ਹੈ ਕਿ ਸਰਕਾਰ ਖਰੀਦੇਗੀ ਜਾਂ ਨਹੀਂ। ਪੰਜਾਬ ਦੀਆਂ ਮੰਡੀਆਂ ’ਚ ਕੇਂਦਰ ਵੱਲੋਂ ਮੱਕੀ ਦਾ ਮਿੱਥਿਆ ਘੱਟੋ-ਘੱਟ ਸਮਰਥਨ ਮੁੱਲ 1850 ਤਾਂ ਕੀ ਦੇਣਾ ਹੈ, 400 ਰੁਪਏ ਤੋਂ 600 ਰੁਪਏ ਕੁਇੰਟਲ ’ਤੇ ਮੱਕੀ ਅਤੇ ਕਿਸਾਨੀ ਰੁਲ ਰਹੀ ਹੈ। ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਤੋਮਰ ਦੇ ਬਿਆਨ ’ਤੇ ਸੁਨੀਲ ਜਾਖੜ ਤੋਂ ਅਸਤੀਫ਼ਾ ਮੰਗ ਰਿਹਾ ਹੈ ਪਰ ਕਿਸਾਨ ਹਿੱਤ ਕਿੱਥੇ ਗਏ। ਨਿਤਿਨ ਗਡਕਰੀ ਕੇਂਦਰ ਸਰਕਾਰ ਦੇ ਐਮ ਐਸ ਪੀ ਖਰੀਦ ਨੂੰ ਦੇਸ਼ ਦੇ ਅਰਥਚਾਰੇ ’ਤੇ ਬੋਝ ਦੱਸ ਰਹੇ ਹਨ ਅਤੇ ਆਖ ਰਹੇ ਹਨ ਕਿ ਸਾਡੇ ਕੋਲ ਤਿੰਨ ਸਾਲ ਦੀ ਲੋੜ ਲਈ ਗੋਦਾਮ ਭਰੇ ਪਏ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਇੱਕ ਕਿਸਾਨ ਹੀ ਸੀ ਜੋ ਕੰਮ ਕਰ ਰਿਹਾ ਸੀ। ਪੰਜਾਬ ਦੇ ਕਿਸਾਨ ਨੇ 1.27 ਲੱਖ ਕਰੋੜ ਐਮ ਟੀ ਕਣਕ ਦੀ ਪੈਦਾਵਾਰ ਕੀਤੀ ਤੇ ਪੰਜਾਬ ਸਰਕਾਰ ਨੇ ਮੰਡੀਆਂ ਦੀ ਗਿਣਤੀ 1850 ਤੋਂ ਵਧਾ ਕੇ 4000 ਕਰਕੇ ਇੱਕ-ਇੱਕ ਦਾਣਾ ਖਰੀਦਿਆ। ਇਸ ਬੰਪਰ ਪੈਦਾਵਾਰ ਦੀ ਸ਼ਾਬਾਸ਼ ਤਾਂ ਕੀ ਮਿਲਣੀ ਸੀ ਪਰ ਖੇਤੀ ਆਰਡੀਨੈਂਸ ਦਾ ਕਾਲਾ ਕਾਨੂੰਨ ਲਾਗੂ ਕਰਕੇ, ਉਨ੍ਹਾਂ ਦੇ ਭਵਿੱਖ ’ਤੇ ਸੁਆਲੀਆ ਚਿੰਨ੍ਹ ਜ਼ਰੂਰ ਲਾ ਦਿੱਤਾ ਗਿਆ।
ਐਮ ਐਲ ਏ ਅੰਗਦ ਸਿੰਘ ਦੇ ਗ੍ਰਹਿ ਵਿਖੇ ਪ੍ਰੈਸ ਵਾਰਤਾ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਬੋਲੀ ਤਾਂ ਹੈ, ਗੂੰਗੀ ਨਹੀਂ। ਕਲ੍ਹ ਡੇਢ ਘੰਟਾ ਭਾਸ਼ਨ ਦੇ ਕੇ ਲੋਕਾਂ ਨੂੰ ਬਥੇਰੇ ਟੋਟਕੇ ਸੁਣਾਏ। ਮੋਦੀ ਸਾਹਿਬ 6 ਸਾਲਾਂ ਤੋਂ ਜੁਬਾਨ ਦੀ ਖੱਟੀ ਹੀ ਖਾ ਰਹੇ ਹਨ ਪਰ ਜਿਸ ਦਿਨ ਆਲ ਪਾਰਟੀ ਮੀਟਿੰਗ ਹੋਈ, ਸਾਡੇ 20 ਜੁਆਨ ਸ਼ਹੀਦ ਹੋਏ, ਹਿੰਦੁਸਤਾਨ ਦੇ ਇਤਿਹਾਸ ’ਚ 15 ਜੂਨ ਦਾ ਦਿਨ ਬੜਾ ਕਾਲਖ਼ ਵਾਲਾ ਦਿਨ ਸੀ, ਸਾਡੇ ਵੀਰ ਜੁਆਨਾਂ ਨੇ ਗੋਲੀਆਂ ਹਮੇਸ਼ਾਂ ਛਾਤੀਆਂ ’ਚ ਖਾਧੀਆਂ। ਸਾਡੇ ਜੁਆਨਾਂ ਨੂੰ ਲਾਠੀਆਂ ਨਾਲ ਸ਼ਹੀਦ ਕਰਵਾਇਆ ਗਿਆ। ਪ੍ਰਧਾਨ ਮੰਤਰੀ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਮਹਾਂਬਾਲੀਪੁਰਮ ’ਚ ਮੀਟਿੰਗ ਕੀਤੀ, ਲੂੰਗੀ ਪਾ ਕੇ, ਬਹਾਦਰ ਦਾ ਢੋਂਗ ਰਚਿਆ। ਲੋਕ ਸੁਆਲ ਕਰਦੇ ਹਨ ਕਿ ਸਾਡੇ ਨੌਜੁਆਨ ਡਾਂਗਾ ਨਾਲ ਹੀ ਮਰਵਾ ਦਿੱਤੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹੀਦਾਂ ’ਤੇ ਸੁਆਲ ਨਹੀਂ ਕਰਦੀ ਬਲਕਿ ਸਮੁੱਚੇ ਦੇਸ਼ ਸਮੇਤ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ ਪਰ ਛਾਤੀਆਂ ’ਚ ਗੋਲੀਆਂ ਖਾਣ ਵਾਲੇ ਬਹਾਦਰ ਜੁਆਨ, ਮੋਦੀ ਸਰਕਾਰ ਨੇ ਲਾਠੀਆਂ ਨਾਲ ਕਿਉਂ ਮਰਵਾਏ, ਇਹ ਸੁਆਲ ਤਾਂ ਸਾਰਾ ਦੇਸ਼ ਹੀ ਕਰਦਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੀਰ ਜੁਆਨਾਂ ਅਤੇ ਦੇਸ਼ ਦੇ ਕਿਸਾਨਾਂ ਦੇ ਹੱਕਾਂ ’ਚ ਹਮੇਸ਼ਾਂ ਖੜ੍ਹਦੀ ਰਹੀ ਅਤੇ ਹੁਣ ਵੀ ਡਟ ਕੇ ਖੜ੍ਹੇਗੀ ਅਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਜ਼ਿਆਦਤੀਆਂ ਵਿਰੱੁਧ ਜਾਗਰੂਕ ਕਰਦੀ ਰਹੇਗੀ।
ਬਾਅਦ ਵਿੱਚ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦੇ ਕੇ, ਪੈਟਰੋਲ-ਡੀਜ਼ਲ ਕੀਮਤਾਂ ਨੂੰ ਕਿਸਾਨ ਅਤੇ ਲੋਕ ਹਿੱਤ ’ਚ ਘਟਾਉਣ ਅਤੇ ਕਿਸਾਨ ਮਾਰੂ ਕੇਂਦਰੀ ਖੇਤੀ ਆਰਡੀਨੈਂਸ ਨੂੰ ਵਾਪਸ ਲੈਣ ਲਈ ਆਖਿਆ।
ਫ਼ੋਟੋ ਕੈਪਸ਼ਨ: ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨਵਾਂਸ਼ਹਿਰ ਵਿਖੇ ਕੇਂਦਰੀ ਖੇਤੀ ਆਰਡੀਨੈਂਸ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਮੌਕੇ ਐਮ ਐਲ ਏ ਅੰਗਦ ਸਿੰਘ ਤੇ ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਿਬੀਰ ਸਿੰਘ ਪੱਲੀ ਝਿੱਕੀ, ਸਾਬਕਾ ਐਮ ਐਲ ਏ ਤਰਲੋਚਨ ਸਿੰਘ ਸੂੰਢ ਅਤੇ ਹੋਰ ਆਗੂਆਂ ਨਾਲ ਦਿਖਾਈ ਦੇ ਰਹੇ ਹਨ।