ਬਠਿੰਡਾ, 29 ਜੂਨ 2020: ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਹਦਾਇਤਾਂ ਅਨੁਸਾਰ ਇੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਅਧੀਨ ਅੱਜ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਇਸ ਮੁਹਿੰਮ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਬਠਿੰਡਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਤਹਿਤ ਅੱਜ ਦਾ ਦਿਨ ਤਕਨੀਕੀ ਸਿੱਖਿਆ ਵਿਭਾਗ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦਿਨ ਕਾਲਜ ਵੱਲੋਂ ਟੀਮਾਂ ਦਾ ਗਠਨ ਕਰਕੇ ਘਰ-ਘਰ ਪਹੁੰਚ ਕਰਦਿਆਂ ਕੋਵਿਡ-19 ਤੋਂ ਬਚਾਅ ਲਈ ਲੋਕਾਂ ਨੂੰ ਮਾਸਕ ਪਹਿਨਣ, ਵਾਰ-ਵਾਰ ਹੱਥ ਧੋਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਗੈਰ-ਜਰੂਰੀ ਯਾਤਰਾ ਤੋਂ ਗੁਰੇਜ਼ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਇਹ ਗਤੀਵਿਧੀ ਕਾਲਜ ਵੱਲੋਂ ਹਰ ਪੰਦਰਾਂ ਦਿਨਾਂ ਬਾਅਦ ਮੁੜ ਕੀਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਕੋਵਾ ਐਪ ਇੰਸਟਾਲ ਕਰਕੇ ਮਿਸ਼ਨ ਫਤਿਹ ਜੁਆਇਨ ਕੀਤਾ ਗਿਆ ਹੈ। ਕਾਲਜ ਵੱਲੋਂ ਵਿਦਿਆਰਥੀਆਂ ਨਾਲ ਲਗਾਤਾਰ ਤਾਲਮੇਲ ਕਰਕੇ ਉਹਨਾਂ ਤੋਂ ਵੀ ਕੋਵਾ ਐਪ ਇੰਸਟਾਲ ਕਰਕੇ ਇਸ ਮਿਸ਼ਨ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੋਵਿਡ-19 ਵਿਸ਼ੇ ਤੇ ਵਿਦਿਆਰਥੀਆਂ ਦੇ ਕੁਇਜ਼, ਕਵਿਤਾ ਗਾਇਨ, ਭਾਸ਼ਣ ਅਤੇ ਪੋਸਟਰ ਮੇਕਿੰਗ ਦੇ ਆਨ-ਲਾਈਨ ਮੁਕਾਬਲੇ ਵੀ ਕਰਵਾਏ ਜਾ ਚੁੱਕੇ ਹਨ ਤਾਂ ਜੋ ਵਿਦਿਆਰਥੀਆਂ ਇਹਨਾਂ ਹਦਾਇਤਾਂ ਦੀ ਪਾਲਣਾ ਕਰਕੇ ਇਸ ਬਿਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਕਰਨ।