ਰੂਪਨਗਰ, 4 ਅਕਤੂਬਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋ ਹਾੜੀ ਦੇ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਵਧੀਆਂ ਕੁਆਲਿਟੀ ਦੇ ਖਾਦ,ਬੀਜ ਅਤੇ ਕੀਟਨਾਸ਼ਕ ਦਵਾਈਆਂ ਉਪਲਬੱਧ ਕਰਵਾਉਣ ਲਈ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਦੇ ਆਦੇਸ਼ ਤਹਿਤ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਬਲਾਕ ਮੋਰਿੰਡਾ ਦੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਾ. ਗੁਰਬਚਨ ਸਿੰਘ ਨੇ ਡੀਲਰਾਂ ਨੂੰ ਕਿਹਾ ਕਿ ਹਾੜੀ ਦੇ ਸੀਜ਼ਨ ਦੌਰਾਨ ਸਾਰੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਚੈਕਿੰਗ/ ਸੈਪਲਿੰਗ ਕੀਤੀ ਜਾਵੇਗੀ ਅਤੇ ਚੈੱਕ ਕੀਤਾ ਜਾਵੇਗਾ ਕਿ ਕੋਈ ਵੀ ਦੁਕਾਨਦਾਰ ਬਿਨਾਂ ਦਸਤਾਵੇਜ਼ਾਂ ਤੋਂ ਅਣ-ਅਧਿਕਾਰਤ ਖੇਤੀ ਸਮੱਗਰੀ ਵੇਚ ਤਾ ਨਹੀ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਸਾਰੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਪ੍ਰਕਾਰ ਦੀ ਖੇਤੀ ਸਮੱਗਰੀ ਖ੍ਰੀਦਣ/ ਵੇਚਣ ਤੋੰ ਪਹਿਲਾਂ ਸਾਰੇ ਦਸਤਾਵੇਜ਼ ਮੁਕੰਮਲ ਕੀਤੇ ਜਾਣ, ਬਿਨਾਂ ਲਾਇਸੈਂਸ/ਅਡੀਸ਼ਨ/ ਬਿੱਲ ਤੋਂ ਖੇਤੀ ਸਮੱਗਰੀ ਆਪਣੀ ਦੁਕਾਨ ਤੇ ਰੱਖਕੇ ਨਾ ਵੇਚੀ ਜਾਵੇ।
ਇਸ ਮੌਕੇ ਡਾ. ਕ੍ਰਿਸ਼ਨਾ ਨੰਦ ਖੇਤੀਬਾੜੀ ਅਫਸਰ ਨੇ ਕਿਹਾ ਕਿ ਲਾਇਸੈਂਸ ਵਿੱਚ ਦਰਜ ਕਰਵਾਏ ਨਕਸ਼ੇ ਦੇ ਮੁਤਾਬਿਕ ਹੀ ਸੇਲ ਪੁਆਇੰਟ ਅਤੇ ਗੋਦਾਮ ਦਾ ਨਕਸ਼ਾ ਹੋਵੇ, ਕਿਸੇ ਵੀ ਕਿਸਾਨ ਨੂੰ ਖਾਦ ਨਾਲ ਕੋਈ ਟੈਗਿੰਗ ਨਾ ਕੀਤੀ ਜਾਵੇ ਅਤੇ ਨਾਲ ਦੀ ਨਾਲ ਪੀ.ੳ.ਐਸ ਮਸ਼ੀਨ ਵਿੱਚੋ ਖਾਦ ਦਾ ਸਟਾਕ ਕਲੀਅਰ ਕੀਤਾ ਜਾਵੇ।
ਇਸ ਮੌਕੇ ਡਾ. ਗੁਰਬਚਨ ਸਿੰਘ ਨੇ ਕਿਹਾ ਕਿ ਖਾਦ ਵੇਚਣ ਵਾਲੇ ਦੁਕਾਨਦਾਰ ਆਪਣੀ ਦੁਕਾਨ ‘ਤੇ ਖਾਦ ਦੇ ਸਟਾਕ ਅਤੇ ਰੇਟ ਦੀ ਲਿਸਟ ਡਿਸਪਲੇਅ ਕਰਨ ਤਾਂ ਜੋ ਕਿਸਾਨਾਂ ਨੂੰ ਖਾਦਾਂ ਦੇ ਸਟਾਕ ਅਤੇ ਰੇਟ ਬਾਰੇ ਜਾਣਕਾਰੀ ਹੋ ਸਕੇ।
ਅਖੀਰ ਵਿੱਚ ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਜੋ ਵੀ ਖੇਤੀ ਸਮੱਗਰੀ ਆਪ ਵੱਲੋ ਖ੍ਰੀਦੀ ਜਾਂਦੀ ਹੈ ਉਸ ਨੂੰ ਪਹਿਲਾਂ ਸਟਾਕ ਰਜਿਸਟਰ ਵਿੱਚ ਦਰਜ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਕੱਟੇ ਬਿੱਲਾਂ ਮੁਤਾਬਿਕ ਸਟਾਕ ਰਜਿਸਟਰ ਹਰ ਰੋਜ ਮੈਨਟੇਨ ਕੀਤਾ ਜਾਵੇ।