ਨਵੀਂ ਦਿੱਲੀ, 29 ਸਤੰਬਰ – ਰਾਸ਼ਟਰੀ ਰਾਜਧਾਨੀ ਦਿੱਲੀ ਦੇ ਭੋਗਲ ਇਲਾਕੇ ਵਿੱਚ ਗਹਿਣਿਆਂ ਦੀ ਇਕ ਦੁਕਾਨ ਤੋਂ 25 ਕਰੋੜ ਰੁਪਏ ਦੀ ਡਕੈਤੀ ਦੇ ਮਾਮਲੇ ਵਿੱਚ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਤੋਂ ਪੁੱਛ-ਗਿੱਛ ਜਾਰੀ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ, ਦਿੱਲੀ ਵਿੱਚ ਡਕੈਤੀ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚ ਸ਼ਾਮਲ ਇਸ ਵਾਰਦਾਤ ਵਿੱਚ ਘੱਟੋ-ਘੱਟ ਤਿੰਨ ਅਣਪਛਾਤੇ ਵਿਅਕਤੀ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਦੋਸ਼ੀ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਦੁਕਾਨ ਵਿੱਚ ਆਏ, ਸਟੋਰ ਰੂਮ ਵਿੱਚ ਛੇਕ ਕੀਤਾ ਅਤੇ 20 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਗਹਿਣਿਆਂ ਦੇ ਨਾਲ-ਨਾਲ 5 ਲੱਖ ਰੁਪਏ ਨਕਦ ਲੈ ਕੇ ਫਰਾਰ ਹੋ ਗਏ। ਪੁਲੀਸ ਅਨੁਸਾਰ ਦੱਖਣੀ ਦਿੱਲੀ ਦੇ ਭੋਗਲ ਵਿੱਚ ਉਮਰਾਵ ਸਿੰਘ ਜਿਊਲਰਜ਼ ਨਾਂ ਦੀ ਦੁਕਾਨ ਵਿੱਚ ਕਈ ਸੀ.ਸੀ.ਟੀ.ਵੀ. ਕੈਮਰੇ ਲੱਗੇ ਸਨ ਪਰ ਐਤਵਾਰ ਅੱਧੀ ਰਾਤ ਦੇ ਨੇੜੇ-ਤੇੜੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਨੇ ਐਤਵਾਰ ਰਾਤ ਕਰੀਬ 8 ਵਜੇ ਦੁਕਾਨ ਬੰਦ ਕੀਤੀ ਸੀ ਅਤੇ ਮੰਗਲਵਾਰ ਸਵੇਰੇ ਕਰੀਬ 10.30 ਵਜੇ ਮੁੜ ਦੁਕਾਨ ਖੋਲ੍ਹੀ ਕਿਉਂਕਿ ਦੁਕਾਨ ਸੋਮਵਾਰ ਨੂੰ ਬੰਦ ਰਹਿੰਦੀ ਹੈ। ਉਸ ਨੂੰ ਘਟਨਾ ਦੀ ਜਾਣਕਾਰੀ ਹੋਈ।