ਚੰਡੀਗੜ੍ਹ, 29 ਸਤੰਬਰ – 2015 ਦੇ ਕੋਟਕਪੁਰਾ ਗੋਲੀਕਾਂਡ ਕੇਸ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਡੀ ਜੀ ਪੀ ਸੁਮੇਧ ਸੈਣੀ, ਅਮਰ ਸਿੰਘ ਚਾਹਲ, ਚਰਨਜੀਤ ਸ਼ਰਮਾ, ਪਰਮਰਾਜ ਉਮਰਾਨੰਗਲ ਅਤੇ ਸੁਖਮੰਦਰ ਸਿੰਘ ਦੀ ਅਗਾਉ ਜ਼ਮਾਨਤ ਪਟੀਸ਼ਨ ਮੰਜੂਰ ਕਰ ਲਈ ਹੈ।
ਹਾਲਾਂਕਿ ਅਗਾਉ ਜ਼ਮਾਨਤ ਦਿੰਦੇ ਸਮੇਂ ਹਾਈਕੋਰਟ ਨੇ ਕੁੱਝ ਸ਼ਰਤਾਂ ਰੱਖੀਆਂ ਹਨ। ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਪਟੀਸ਼ਨਕਰਤਾ ਗਵਾਹਾਂ, ਪੁਲੀਸ ਅਧਿਕਾਰੀਆਂ ਜਾਂ ਮਾਮਲੇ ਦੇ ਤੱਥਾਂ ਅਤੇ ਹਾਲਾਤਾਂ ਤੋਂ ਜਾਣੂ ਕਿਸੇ ਹੋਰ ਵਿਅਕਤੀ ਨੂੰ ਪੁਲੀਸ ਦੇ ਸਾਮ੍ਹਣੇ ਅਜਿਹੇ ਤੱਥਾਂ ਦਾ ਖੁਲਾਸਾ ਕਰਨ ਤੋਂ ਰੋਕਣ ਲਈ ਪ੍ਰਭਾਵਿਤ ਨਹੀਂ ਕਰਨਗੇ, ਦਬਾਅ ਨਹੀਂ ਪਾਉਣਗੇ ਅਤੇ ਧਮਕੀ ਨਹੀਂ ਦੇਣਗੇ।
ਜਿਕਰਯੋਗ ਹੈ ਕਿ ਸਾਲ 2015 ਵਿੱਚ ਬੇਅਦਬੀ ਅਤੇ ਪੁਲੀਸ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਦੀ ਫਰੀਦਕੋਟ ਅਦਾਲਤ ਵਿੱਚ ਇਕ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਵਿੱਚ ਸੁਖਬੀਰ ਬਾਦਲ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਨਾਮਜ਼ਦ ਕੀਤਾ ਗਿਆ ਸੀ। ਇਹ ਵੀ ਦੱਸ ਦੇਈਏ ਕਿ ਹਾਈਕੋਰਟ ਨੇ 21 ਮਾਰਚ ਨੂੰ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ, ਅੱਜ ਹਾਈਕੋਰਟ ਨੇ ਉਸੇ ਹੀ ਜ਼ਮਾਨਤ ਵਿੱਚ ਵਾਧਾ ਕਰ ਦਿੱਤਾ ਹੈ।