ਗੁਰਦਾਸਪੁਰ, 28 ਸਤੰਬਰ 2023- ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਸਫਾਈ ਕਰਮਚਾਰੀਆਂ ਨੇ ਤਨਖਾਹਾਂ ਨਾ ਮਿਲਣ ਕਰਕੇ ਹੜਤਾਲ ਕਰ ਦਿੱਤੀ ਹੈ ਜਿਸ ਕਾਰਨ ਹਸਪਤਾਲ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਿਆ ਹੈ। ਸਫ਼ਾਈ ਕਰਮਚਾਰੀਆਂ ਨੇ ਕਿਹਾ ਕਿ ਪਿੱਛਲੇ ਮਹੀਨੇ ਸਾਡੀ ਤਨਖਾਹ ਨਹੀਂ ਮਿਲੀ ਇਹ ਮਹੀਨਾ ਵੀ ਖਤਮ ਹੋ ਰਿਹਾ ਹੈ। ਸਾਡੇ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ ਪਰ ਸਾਨੂੰ ਕੋਈ ਵੀ ਸਹੀ ਜਵਾਬ ਨਹੀਂ ਮਿਲ ਰਿਹਾ। ਜੇਕਰ ਠੇਕੇਦਾਰ ਨਾਲ ਗੱਲ ਕਰਦੇ ਹਾਂ ਤੇ ਉਹ ਆਖਦਾ ਹੈ ਕਿ ਸਰਕਾਰ ਨੇ ਪੈਸੇ ਨਹੀਂ ਦਿੱਤੇ ।ਜੇਕਰ ਅਸੀਂ ਹਸਪਤਾਲ ਦੇ ਅਧਿਕਾਰੀ ਨਾਲ ਗੱਲ ਕਰਦੇ ਹਾਂ ਤਾਂ ਉਹ ਬੋਲਦੇ ਹਨ ਕਿ ਜੇਕਰ ਕੰਮ ਨਾ ਸ਼ੁਰੂ ਕੀਤਾ ਤਾਂ ਅਸੀਂ ਨਵੇਂ ਮੁਲਾਜਮ ਰੱਖ ਲਵਾਂਗੇ ਜਿਸ ਕਰਕੇ ਮਜਬੂਰਨ ਸਾਨੂ ਹੜਤਾਲ ਕਰਨੀ ਪਈ।
ਦੂਸਰੇ ਪਾਸੇ ਜਦੋਂ ਇਸ ਬਾਰੇ ਸਿਵਲ ਹਸਪਤਾਲ ਦੇ ਐਸ ਐਮ ਓ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇਕ ਮਹੀਨੇ ਦੇ ਪੈਸੇ ਠੇਕੇਦਾਰ ਨੂੰ ਦੇਣੇ ਹਨ,ਉਹ ਜਲਦੀ ਆ ਜਾਣਗੇ। ਹੁਣ ਸਫਾਈ ਕਰਮਚਾਰੀਆਂ ਨੇ ਹੜਤਾਲ ਕੀਤੀ ਹੈ ਜੇਕਰ ਹੜਤਾਲ ਖਤਮ ਨਾ ਹੋਈ ਤੇ ਠੇਕੇਦਾਰ ਤੇ ਕਨੂੰਨੀ ਕਾਰਵਾਹੀ ਕਰਾਂਗੇ।