ਗੁਰਦਾਸਪੁਰ , 28 ਸਤੰਬਰ 2023- ਬਟਾਲਾ ਸ਼ਹਿਰ ਦੇ ਅੰਦੂਰਨੀ ਹਿੱਸੇ ਚ ਦੇਰ ਰਾਤ ਗਉਸ਼ਾਲਾ ਚ ਅਚਾਨਕ ਮਾਹੌਲ ਹਫੜਾ ਦਫੜੀ ਦਾ ਬਣ ਗਿਆ ਜਦੋ ਇੱਕ ਇੱਕ ਕਰ 13 ਗਾਵਾਂ ਦੀ ਤੜਪ ਤੜਪ ਕੇ ਮੌਤ ਹੋ ਗਈ। ਇਸ ਮਾਮਲੇ ਨੂੰ ਲੈਕੇ ਗਊਸ਼ਾਲਾ ਚ ਹਿੰਦੂ ਸੰਗਠਨਾਂ ਦੇ ਆਗੂ ਅਤੇ ਸਥਾਨਿਕ ਲੋਕ ਇਕੱਠੇ ਹੋਏ ਤਾਂ ਇਸ ਮਾਹੌਲ ਦੀ ਸੂਚਨਾ ਮਿਲਦੇ ਹੀ ਬਟਾਲਾ ਦੇ ਐਲਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਬਟਾਲਾ ਪੁਲਿਸ ਦੇ ਆਲਾ ਅਧਿਕਾਰੀ ਅਤੇ ਵੇਟਨੈਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ।
ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਗਾਵਾਂ ਦੇ ਚਾਰੇ ਚ ਕੋਈ ਜ਼ਹਿਰੀਲੀ ਚੀਜ਼ ਹੋ ਸਕਦੀ ਹੈ ਜਿਸ ਨਾਲ ਉਹਨਾਂ ਦੀ ਮੌਤ ਹੋਈ ਹੈ। ਬਟਾਲਾ ਚ ਅਚਾਨਕ ਗਾਵਾਂ ਦੀ ਹੋਈ ਮੌਤ ਨੂੰ ਲੈਕੇ ਮੌਕੇ ਤੇ ਪਹੁੰਚੇ ਹਿੰਦੂ ਸੰਗਠਨ ਦੇ ਆਗੂ ਵਿਜੈ ਪ੍ਰਭਾਰਕ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਦੇਖਿਆ ਕਿ ਕਈ ਗਾਵਾ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਨੂੰ ਚੁੱਕਣ ਲਈ ਵੀ ਇਥੇ ਆਟੋ ਖੜੇ ਸਨ।ਉਹਨਾਂ ਤੁਰੰਤ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਨਾ ਦਿਤੀ ਹੈ ਅਤੇ ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਵੇ|
ਉਧਰ ਇਸ ਮਾਮਲੇ ਨੂੰ ਗੰਭੀਰਤਾ ਲੈਂਦੇ ਅਤੇ ਮਾਹੌਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਮੌਕੇ ਤੇ ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਮੌਕੇ ਤੇ ਜਾਂਚ ਕਰਨ ਪਹੁੰਚੇ ਐਸਪੀ ਬਟਾਲਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤਕ ਇਹ ਸਾਹਮਣੇ ਆਇਆ ਹੈ ਕਿ 13 ਗਾਵਾਂ ਦੀ ਮੌਤ ਹੋਈ ਹੈ ਅਤੇ ਉਹਨਾਂ ਵਲੋਂ ਹਰ ਪੱਖ ਤੋਂ ਅਤੇ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਗਾਵਾ ਦੀ ਮੌਤ ਕਿਸ ਕਾਰਨ ਤੋਂ ਹੋਈ ਹੈ। ਵੈਟਨਰੀ ਡਾਕਟਰਾਂ ਦੀ ਟੀਮ ਵੀ ਜਾਂਚ ਕਰ ਰਹੀ ਹੈ ਅਤੇ ਉਹਨਾਂ ਦੀ ਰਿਪੋਰਟ ਅਤੇ ਪੁਲਿਸ ਦੀ ਜਾਂਚ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।