ਅਨੰਤਨਾਗ, 27 ਸਤੰਬਰ – ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਲਾਰਕੀਪੋਰਾ ਵਿੱਚ ਅੱਜ ਇਕ ਵਾਹਨ ਵਿੱਚ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਅੱਠ ਵਿਅਕਤੀ ਜ਼ਖ਼ਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰ ਕੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਜ਼ਦੂਰਾਂ ਦਾ ਇਕ ਗਰੁੱਪ ਗੱਡੀ ਵਿਚ ਸਵਾਰ ਹੋ ਕੇ ਲਾਰਕੀਪੋਰਾ ਦੁਰੂ ਤੋਂ ਅੱਗੇ ਜਾ ਰਿਹਾ ਸੀ। ਲਾਰਕੀਪੋਰਾ ਵਿੱਚ ਅਚਾਨਕ ਗੱਡੀ ਅੰਦਰ ਧਮਾਕਾ ਹੋ ਗਿਆ ਅਤੇ ਉਸ ਵਿੱਚ ਸਵਾਰ ਅੱਠ ਕਰਮਚਾਰੀ ਜ਼ਖਮੀ ਹੋ ਗਏ।
ਧਮਾਕੇ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਇਲਾਕੇ ਵਿੱਚ ਗਸ਼ਤ ਕਰ ਰਹੇ ਸੁਰੱਖਿਆ ਬਲ ਅਤੇ ਪੁਲੀਸ ਕਰਮਚਾਰੀ ਵੀ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ ਸਾਰੇ ਜ਼ਖ਼ਮੀ ਮਜ਼ਦੂਰ ਗ਼ੈਰ-ਕਸ਼ਮੀਰੀ ਹਨ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਨਾਲ ਸੰਬੰਧਤ ਹਨ। ਧਮਾਕੇ ਵਿੱਚ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਧਮਾਕਾ ਸੀਮਿੰਟ ਮਿਕਸ ਸੈਂਟਰਿੰਗ ਵਾਈਬ੍ਰੇਸ਼ਨ ਮਸ਼ੀਨ ਵਿਚ ਹੋਇਆ ਜੋ ਕਿ ਮਜ਼ਦੂਰਾਂ ਦੀ ਗੱਡੀ ਨਾਲ ਸੀ। ਗੱਡੀ ਵਿੱਚ ਇੱਕ ਪੋਰਟੇਬਲ ਜਨਰੇਟਰ ਅਤੇ ਤੇਲ ਦਾ ਕੈਨ ਵੀ ਸੀ। ਇਹ ਵੀ ਧਮਾਕੇ ਦੀ ਲਪੇਟ ਵਿੱਚ ਆ ਗਏ। ਫੋਰੈਂਸਿਕ ਜਾਂਚ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ। ਉਸ ਨੇ ਉਥੋਂ ਕੁਝ ਸੈਂਪਲ ਵੀ ਜਾਂਚ ਲਈ ਲਏ ਹਨ।