ਨਵੀਂ ਦਿੱਲੀ, 26 ਸਤੰਬਰ – ਰਾਸ਼ਟਰੀ ਰਾਜਧਾਨੀ ਦਿੱਲੀ ਦੇ ਜਿਊਲਰੀ ਸ਼ੋਅਰੂਮ ਵਿਚ ਕਰੋੜਾਂ ਦੀ ਚੋਰੀ ਹੋਣ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਨੇ ਸ਼ੋਅਰੂਮ ਵਿੱਚ ਪਈ 25 ਕਰੋੜ ਰੁਪਏ ਦੀ ਜਿਊਲਰੀ ਤੇ ਹੱਥ ਸਾਫ਼ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਭੋਗਲ ਇਲਾਕੇ ਵਿੱਚ ਸਥਿਤ ਸ਼ੋਅਰੂਮ ਵਿਚ ਚੋਰ ਛੱਤ ਦੇ ਰਸਤਿਓਂ ਦਾਖ਼ਲ ਹੋਏ ਸਨ ਅਤੇ ਕੰਧ ਵਿੱਚ ਛੇਕ ਕਰ ਕੇ ਸ਼ੋਅਰੂਮ ਦੇ ਲਾਕਰ ਤੱਕ ਪਹੁੰਚੇ। ਜਿਸ ਸ਼ੋਅਰੂਮ ਵਿਚ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਉਹ ਉਮਰਾਵ ਅਤੇ ਮਹਾਵੀਰ ਪ੍ਰਸਾਦ ਜੈਨ ਦਾ ਸ਼ੋਅਰੂਮ ਹੈ।
ਸ਼ੋਅਰੂਮ ਦੇ ਮਾਲਕ ਨੇ ਕਿਹਾ ਕਿ ਹੀਰੇ ਅਤੇ ਸੋਨੇ ਦੇ 25 ਕਰੋੜ ਰੁਪਏ ਦੀ ਜਿਊਲਰੀ ਰੱਖੀ ਹੋਈ ਸੀ। ਮਾਰਕੀਟ ਸੋਮਵਾਰ ਨੂੰ ਬੰਦ ਹੁੰਦੀ ਹੈ। ਇਸ ਲਈ ਐਤਵਾਰ ਨੂੰ ਸ਼ੋਅਰੂਮ ਬੰਦ ਕਰਨ ਮਗਰੋਂ ਜਦੋਂ ਉਹ ਅੱਜ ਆਪਣੇ ਸ਼ੋਅਰੂਮ ਪਹੁੰਚੇ ਅਤੇ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਮੌਕੇ ਤੇ ਨਿਜਾਮੁਦੀਨ ਥਾਣੇ ਦੀ ਪੁਲੀਸ ਪਹੁੰਚ ਗਈ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਚੋਰ ਛੱਤ ਦੇ ਰਸਤਿਓਂ ਸ਼ੋਅਰੂਮ ਵਿਚ ਦਾਖ਼ਲ ਹੋਏ ਸਨ। ਜਿਊਲਰੀ ਚੋਰੀ ਕਰ ਕੇ ਚੋਰ ਫ਼ਰਾਰ ਹੋ ਗਏ। ਸੀ. ਸੀ. ਟੀ. ਵੀ. ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।