ਚੰਡੀਗੜ੍ਹ, 8 ਸਤੰਬਰ -ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਕਤਲ ਕੇਸ ਦਰਜ਼ ਹੋਣ ਤੋਂ ਬਾਅਦ ਸਾਬਕਾ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਦੇ ਫਰਾਰ ਹੋਣ ਵਿੱਚ ਚੰਡੀਗੜ੍ਹ ਪੁਲੀਸ ਦੇ ਇੱਕ ਡੀ ਐਸ ਪੀ ਦਾ ਹੱਥ ਹੋ ਸਕਦਾ ਹੈ| ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਸੁਮੇਧ ਸੈਣੀ ਜ਼ੈਡ ਸੁਰੱਖਿਆ ਵਿੱਚੋਂ ਭੱਜ ਗਿਆ|
ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ੱਕ ਦੀ ਸੂਈ ਸੁਮੇਧ ਸੈਣੀ ਦੇ 1991 ਤੋਂ ਖ਼ਾਸ ਵਿਸ਼ਵਾਸ਼ ਪਾਤਰ ਚੰਡੀਗੜ੍ਹ ਪੁਲੀਸ ਦੇ ਸਾਬਕਾ ਡੀ. ਐਸ. ਪੀ. ਵੱਲ ਜਾਂਦੀ ਹੈ ਕਿਉਂਕਿ ਇਹ ਉਸ ਗਰੁੱਪ ਦਾ ਮੈਂਬਰ ਹੈ ਜੋ ਸੈਣੀ ਰਹਿਨੁਮਾਈ ਵਿੱਚ ਸਿੱਖ ਨੌਜਵਾਨਾਂ ਨੂੰ ਤਸੀਹੇ ਦਿੰਦਾ ਰਿਹਾ ਹੈ ਅਤੇ ਮੋਟੀਆਂ ਰਕਮਾਂ ਲੈ ਕੇ ਝਗੜੇ ਵਾਲੀਆਂ ਜਮੀਨਾਂ ਕੌਡੀਆਂ ਦੇ ਭਾਅ ਹਥਿਆਉਂਦਾ ਰਿਹਾ ਹੈ| ਉਹਨਾਂ ਕਿਹਾ ਕਿ ਸੈਣੀ ਦੇ ਖਾਸ ਰਹੇ ਪੰਜਾਬ ਪੁਲੀਸ ਦੇ ਸਾਬਕਾ ਇੰਸਪੈਕਟਰ ਗੁਰਮੀਤ ਪਿੰਕੀ ਵਲੋਂ ਵੀ ਕਿਹਾ ਗਿਆ ਹੈ ਕਿ ਬਲਵੰਤ ਸਿੰਘ ਮੁਲਤਾਨੀ ਕੇਸ ਦੀ ਸਾਰੀ ਕਹਾਣੀ ਦਾ ਇਸ ਸਾਬਕਾ ਡੀ ਐਸ ਪੀ ਨੂੰ ਪਤਾ ਹੈ ਇਸ ਲਈ ਪੰਜਾਬ ਪੁਲੀਸ ਨੂੰ ਉਕਤ ਸਾਬਕਾ ਡੀ ਐਸ ਪੀ ਨੂੰ ਹਿਰਾਸਤ ਵਿੱਚ ਲੈ ਕੇ ਉਸਤੋਂ ਪੁੱਛ ਗਿੱਛ ਕੀਤੀ ਜਾਣੀ ਚਾਹੀਦੀ ਹੈ|