ਅਰਮੇਨੀਆ, 26 ਸਤੰਬਰ – ਨਾਗੋਰਨੋ-ਕਾਰਾਬਾਖ ਵਿਚ ਵੱਖਵਾਦੀ ਅਧਿਕਾਰੀਆਂ ਨੇ ਅੱਜ ਕਿਹਾ ਕਿ ਇਕ ਗੈਸ ਸਟੇਸ਼ਨ ਵਿਚ ਹੋਏ ਧਮਾਕੇ ਵਿਚ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ 300 ਦੇ ਕਰੀਬ ਜ਼ਖਮੀ ਹੋ ਗਏ। ਸਿਹਤ ਵਿਭਾਗ ਨੇ ਕਿਹਾ ਕਿ ਖੇਤਰ ਦੀ ਰਾਜਧਾਨੀ ਸਟੀਪਨਾਕਰਟ ਦੇ ਬਾਹਰੀ ਇਲਾਕੇ ਵਿਚ ਸਥਿਤ ਇੱਕ ਗੈਸ ਸਟੇਸ਼ਨ ਤੇ ਬੀਤੀ ਦੇਰ ਰਾਤ ਹੋਏ ਧਮਾਕੇ ਤੋਂ ਬਾਅਦ 13 ਲਾਸ਼ਾਂ ਮਿਲੀਆਂ ਹਨ ਅਤੇ ਜ਼ਖ਼ਮੀ 7 ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ।
ਸਿਹਤ ਵਿਭਾਗ ਨੇ ਕਿਹਾ ਕਿ 290 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਖੇਤਰ ਤੇ ਤਿੰਨ ਦਹਾਕਿਆਂ ਤੱਕ ਵੱਖਵਾਦੀਆਂ ਦਾ ਰਾਜ ਰਿਹਾ। ਪਿਛਲੇ ਹਫਤੇ ਅਜ਼ਰਬਾਈਜਾਨ ਦੀ ਫੌਜ ਵੱਲੋਂ ਮੁਹਿੰਮ ਚਲਾ ਕੇ ਇਲਾਕੇ ਤੇ ਪੂਰੀ ਤਰ੍ਹਾਂ ਦਾਅਵਾ ਕਰਨ ਦਰਮਿਆਨ ਹਜ਼ਾਰਾਂ ਨਾਗੋਰਨੋ-ਕਾਰਾਬਾਖ ਵਾਸੀ ਅਰਮੇਨੀਆ ਵੱਲ ਰੁਖ਼ ਰਹੇ ਹਨ। ਇਸ ਦੌਰਾਨ ਧਮਾਕੇ ਦੀ ਇਹ ਘਟਨਾ ਵਾਪਰੀ।