ਲੁਧਿਆਣਾ, 15 ਸਤੰਬਰ 2023 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਹੁਣ ਪੰਜਾਬ ਵਿੱਚੋਂ ਦੂਜੇ ਸੂਬਿਆਂ ਵਿੱਚ ਇੰਡਸਟਰੀ ਦੇ ਹਿਜਰਤ ਕਰਨ ਦੇ ਰੁਝਾਨ ਨੇ ਪੁੱਠਾ ਮੋੜ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਦਯੋਗਿਕ ਯੂਨਿਟ ਸੂਬੇ ਵਿੱਚ ਸ਼ਿਫ਼ਟ ਹੋਣ ਲੱਗੇ ਹਨ।
ਅੱਜ ਇੱਥੇ ‘ਸਰਕਾਰ-ਸਨਅਤਕਾਰ ਮਿਲਣੀ’ ਵਿਖੇ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ 450 ਉਦਯੋਗ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਸ਼ਿਫਟ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਦਯੋਗ ਦਾ ਦੂਜੇ ਸੂਬਿਆਂ ਵਿੱਚ ਹਿਜਰਤ ਕਰ ਜਾਣ ਦਾ ਰੁਝਾਨ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਜੋ ਹਰੇਕ ਖੇਤਰ ਵਿੱਚ ਪੰਜਾਬ ਨੂੰ ਅੱਵਲ ਸੂਬਾ ਬਣਾਉਣ ਲਈ ਯਤਨ ਕਰ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੂੰ ਸੱਤਾ ਵਿੱਚ ਆਉਣ ਉਤੇ ਉਦਯੋਗਿਕ ਖੇਤਰ ਵਿੱਚ ਅਜਿਹਾ ਮਾਹੌਲ ਮਿਲਿਆ ਸੀ ਜਿੱਥੇ ਉਦਯੋਗ ਦੂਜੇ ਸੂਬਿਆਂ ਵਿੱਚ ਸ਼ਿਫਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਹਕੂਮਤ ਦੌਰਾਨ ਉਦਯੋਗਪਤੀ ਫਿਰੌਤੀ ਮੰਗਣ ਦੇ ਸਿਸਟਮ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਸਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅਮਨ-ਕਾਨੂੰਨ ਦੀ ਬਿਹਤਰ ਵਿਵਸਥਾ ਦੇਣ ਦੇ ਨਾਲ-ਨਾਲ ਸੁਖਾਵਾਂ ਮਾਹੌਲ ਦੇ ਕੇ ਸਨਅਤਕਾਰਾਂ ਦਾ ਭਰੋਸਾ ਬਹਾਲ ਕੀਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਨਅਤੀ ਖੇਤਰ ਵਿੱਚ ਦੇਸ਼ ਭਰ ਵਿੱਚੋਂ ਸਿਰਫ ਪੰਜਾਬੀ ਹੀ ਚੀਨ ਦੀ ਇਜਾਰੇਦਾਰੀ ਤੋੜ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਨਅਤਕਾਰਾਂ ਦਾ ਕਿਸੇ ਹੋਰ ਸੂਬਾ ਨਾਲ ਕੋਈ ਮੁਕਾਬਲਾ ਨਹੀਂ ਸਗੋਂ ਉਨ੍ਹਾਂ ਨੂੰ ਉਦਯੋਗਿਕ ਤਰੱਕੀ ਵਿੱਚ ਚੀਨ ਨੂੰ ਪਛਾੜਣ ਲਈ ਯਤਨ ਕਰਨੇ ਚਾਹੀਦੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਯਤਨ ਕਰਨ ਦਾ ਹੁਣ ਸਭ ਤੋਂ ਮੁਨਾਸਬ ਮੌਕਾ ਹੈ ਕਿਉਂਜੋ ਪੰਜਾਬ ਦੀ ਸਰਕਾਰ ਹਰੇਕ ਤਰ੍ਹਾਂ ਦੀ ਮਦਦ ਲਈ ਤਿਆਰ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਸੈਕਟਰ ਅਧਾਰਿਤ ਟਾਸਕ ਫੋਰਸ ਦਾ ਗਠਨ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗ ਦੇ ਨੁਮਾਇੰਦਿਆਂ ਤੋਂ ਇਲਾਵਾ ਇਸ ਟਾਸਤ ਫੋਰਸ ਸੂਬਾ ਸਰਕਾਰ ਦੇ ਅਧਿਕਾਰੀ ਵੀ ਹੋਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਸੈਕਟਰਾਂ ਦੀ ਤਰੱਕੀ ਲਈ ਢੁਕਵੀਂ ਯੋਜਨਾਬੰਦੀ ਤੇ ਰਣਨੀਤੀ ਉਲੀਕੀ ਜਾ ਸਕੇ। ਅਰਵਿੰਦ ਕੇਜਰੀਵਾਲ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਕਦਮ ਸੂਬੇ ਵਿਚ ਸਨਅਤ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗਾ।