ਬਠਿੰਡਾ, 27 ਸਤੰਬਰ 2023: ਬਠਿੰਡਾ ਵਿੱਚ ਇੱਕ ਟ੍ਰੈਵਲ ਏਜੰਸੀ ਵੱਲੋਂ ਹਵਾਈ ਜਹਾਜ਼ ਦੀਆਂ ਜਾਅਲੀ ਟਿਕਟਾਂ ਦੇ ਕੇ 62 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਪੁਲਿਸ ਨੇ ਮਾਮਲੇ ਦੀ ਪੜਤਾਲ ਕਰਨ ਉਪਰੰਤ ਟਰੈਵਲ ਏਜੰਸੀ ਦੇ ਮਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਹ ਠੱਗੀ ਕਿਸੇ ਇੱਕ ਅੱਧੀ ਟਿਕਟ ਦੀ ਨਹੀਂ ਬਲਕਿ ਕਾਫੀ ਜਣਿਆਂ ਨੂੰ 48 ਟਿਕਟਾਂ ਫਰਜ਼ੀ ਦੇ ਕੇ ਮਾਰੀ ਗਈ ਹੈ। ਥਾਣਾ ਕੋਤਵਾਲੀ ਪੁਲਿਸ ਨੇ ਜਗਸੀਰ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਥਰਾਲਾ ਵੱਲੋਂ ਸਿਮਰਨ ਟਰੈਵਲ ਏਜੰਸੀ ਬਠਿੰਡਾ ਦੇ ਮਾਲਕ ਤੇਜਿੰਦਰਪਾਲ ਸਿੰਘ ਖੁਰਮੀ ਖਿਲਾਫ਼ ਪੁਲਿਸ ਕੇਸ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਠੱਗੀ ਸਬੰਧੀ ਵੱਖ ਵੱਖ ਮੁਦੱਈਆਂ ਵੱਲੋਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੂੰ ਅਰਜੀ ਦੇ ਕੇ ਇਨਸਾਫ ਦੀ ਮੰਗ ਕੀਤੀ ਗਈ ਸੀ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੇ ਆਪਣੀ ਅਰਜ਼ੀ ਵਿੱਚ ਪੁਲਿਸ ਨੂੰ ਦੱਸਿਆ ਸੀ ਕਿ ਉਹ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ,ਧੀਆ ਅਤੇ ਪੁੱਤਰਾਂ ਦੇ ਕੈਨੇਡਾ ਜਾਣ ਸਬੰਧੀ ਤੇਜਿੰਦਰਪਾਲ ਸਿੰਘ ਖੁਰਮੀ ਮਾਲਕ ਸਿਮਰਨ ਟਰੈਵਲ ਨੇੜੇ ਬੱਸ ਸਟੈਡ ਬਠਿੰਡਾ ਤੋਂ ਵੱਖੋ ਵੱਖਰੀਆਂ ਤਰੀਕਾਂ ਨੂੰ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ ਜਿਨ੍ਹਾਂ ਦੇ ਪੈਸੇ ਉਨ੍ਹਾਂ ਨੇ ਨਕਦ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਇਹਨਾਂ ਟਿਕਟਾਂ ਬਾਰੇ ਖੁਦ ਉਹਨਾਂ ਨੂੰ ਅਤੇ ਬੱਚਿਆਂ ਨੂੰ ਏਅਰਪੋਰਟ ਤੋਂ ਪਤਾ ਲੱਗਾ ਕਿ ਇਹ ਫਰਜ਼ੀ ਹਨ।
ਉਨ੍ਹਾਂ ਦੱਸਿਆ ਕਿ ਸਾਡੇ ਰਿਸ਼ਤੇਦਾਰਾਂ ਅਤੇ ਬੱਚਿਆਂ ਨੂੰ ਤੁਰੰਤ ਹੋਰ ਟਿਕਟਾਂ ਖਰੀਦਣੀਆਂ ਪਈਆਂ ਜਿਨ੍ਹਾਂ ਦੀ ਕੁੱਲ ਗਿਣਤੀ 48 ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਕਰਕੇ ਤੇਜਿੰਦਰਪਾਲ ਸਿੰਘ ਖੁਰਮੀ ਨੇ ਉਨ੍ਹਾਂ ਸਾਰਿਆ ਨਾਲ ਕਰੀਬ 62 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਧੋਖਾਧੜੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸੰਬੰਧ ਵਿਚ
ਤੇਜਿੰਦਰਪਾਲ ਸਿੰਘ ਖੁਰਮੀ ਨੂੰ ਉਸ ਦੇ ਦਫਤਰ ਵਿੱਚ ਮਿਲੇ ਜਿਸਨੇ ਕੁਝ ਦਿਨਾਂ ਬਾਅਦ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਸੀ ਪਰ ਬਾਅਦ ‘ਚ ਪਤਾ ਲੱਗਾ ਹੈ ਕਿ ਉਸਨੇ ਆਪਣਾ ਘਰ ਵੇਚ ਦਿੱਤਾ ਹੈ ਅਤੇ ਵਿਦੇਸ਼ ਭੱਜਣ ਦੀ ਤਾਕ ਵਿੱਚ ਹੈ।