ਚੰਡੀਗੜ੍ਹ, 8 ਸਤੰਬਰ – ਚੰਡੀਗੜ੍ਹ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਐਸ ਉਪਲ ਅਤੇ ਜਨਰਲ ਸਕੱਤਰ ਡਾ. ਜਤਿੰਦਰਪਾਲ ਐਸ ਸਹਿਦੇਵ ਦੀ ਅਗਵਾਈ ਹੇਠ ਨਵੀਂ ਸਿੱਖਿਆ ਨੀਤੀ ਤੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਵਰਸਿਟੀ ਬਿਜ਼ਨਸ ਸਕੂਲ, ਪੰਜਾਬ ਯੂਨੀਵਰਸਿਟੀ ਦੇ ਸਾਬਕਾ ਚੇਅਰਮੈਨ ਡਾ. ਐਸ. ਸੀ. ਵੈਦਿਆ ਨੇ ਦੱਸਿਆ ਕਿ ਉਦਯੋਗ ਦੀਆਂ ਲੋੜਾਂ ਅਤੇ ਅਕਾਦਮਿਕਤਾ ਨਾਲ ਮੇਲ ਕਰਨ ਦੀ ਸਖ਼ਤ ਲੋੜ ਹੈ ਅਤੇ ਸਿੱਖਿਆ ਨੂੰ ਵਧੇਰੇ ਪਹੁੰਚ ਯੋਗ ਬਣਾਉਣ ਵਿੱਚ ਅਧਿਆਪਕ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਤੋਂ ਡਾ. ਕੁਲਦੀਪ ਪੁਰੀ ਨੇ ਦੱਸਿਆ ਕਿ 1950 ਤੋਂ ਸਿੱਖਿਆ ਨੀਤੀਆਂ ਵਿਕਸਿਤ ਹੋਈਆਂ ਹਨ ਅਤੇ ਰਾਸ਼ਟਰੀ ਸਿੱਖਿਆ ਨੀਤੀ ਸਮਾਵੇਸ਼ੀ ਸਿੱਖਿਆ ਅਤੇ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਵਿੱਚ ਪ੍ਰਤੀਯੋਗੀ ਬਣਾਉਣ ਲਈ ਇੱਕ ਸਕਾਰਾਤਮਕ ਪਹੁੰਚ ਰੱਖਦੀ ਹੈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਪ੍ਰੋ. ਡਾ. ਆਰ. ਐਸ. ਬਾਵਾ ਨੇ ਵੀ ਸੰਬੋਧਨ ਕੀਤਾ।
ਚਰਚਾ ਦਾ ਸੰਚਾਲਨ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਮਰਸ ਦੀ ਸਹਾਇਕ ਪ੍ਰੋਫੈਸਰ ਡਾ: ਨਵਜੋਤ ਕੌਰ ਨੇ ਕੀਤਾ। ਚਰਚਾ ਦੀ ਸਮਾਪਤੀ ਸੀ. ਐਮ. ਏ. ਦੇ ਕਾਰਜਕਾਰੀ ਮੈਂਬਰ ਪ੍ਰੋ. ਬਲਦੇਵ ਸਚਦੇਵਾ ਨੇ ਸੰਬੋਧਨ ਨਾਲ ਹੋਈ। ਅਖੀਰ ਵਿੱਚ ਜਨਰਲ ਸਕੱਤਰ ਸ. ਜਤਿੰਦਰਪਾਲ ਸਿੰਘ ਸਹਿਦੇਵ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।