ਅੰਮ੍ਰਿਤਸਰ, 5 ਸਤੰਬਰ 2023 : ਬੀਜੇਪੀ ਦੇ ਨੈਸ਼ਨਲ ਸੈਕਟਰੀ ਬਣੇ ਮਨਜਿੰਦਰ ਸਿੰਘ ਸਿਰਸਾ ਵੀ ਅੱਜ ਆਪਣੇ ਸਮਰਥਕਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਤੇ ਪਾਰਟੀ ਵੱਲੋਂ ਮਿਲੀ ਵੱਡੀ ਜੁੰਮੇਵਾਰੀ ਲਈ ਵਾਹਿਗੁਰੂ ਅੱਗੇ ਸ਼ੁਕਰਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਸਿੱਖ ਪੰਥ ਦੀਆਂ ਜਾਇਜ਼ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਰਸਤਾ ਲੱਭ ਲੈਣਗੇ ਅਤੇ ਇਸ ਪਲੇਟਫਾਰਮ ਰਾਹੀਂ ਲੋਕਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ ਮਦਦ ਕਰਨਗੇ।
ਸਿਰਸਾ ਨੇ ਕਿਹਾ INDIA ਗਠਜੋੜ ਲੁਟੇਰਿਆਂ ਦਾ ਸਮੂਹ ਹੈ ਅਤੇ ਉਨ੍ਹਾਂ ਵਿਚੋਂ ਕੁਝ ਜੇਲ੍ਹ ਵਿਚ ਹਨ ਅਤੇ ਕੁਝ ਜ਼ਮਾਨਤ ‘ਤੇ ਹਨ ਅਤੇ ਉਹ ਆਪਣੇ ਲੁੱਟੇ ਹੋਏ ਪੈਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਵਾਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਲੁਟੇਰਿਆਂ ਦੀ ਪਾਰਟੀ ਹੈ ਅਤੇ ਹੁਣ ਕਾਂਗਰਸ ਪਾਰਟੀ ਨਾਲ ਗਠਜੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਰਦ ਪਵਾਰ ਦਾ ਮੁੰਬਈ ਦੇ ਡੌਨ ਨਾਲ ਸਬੰਧ ਹੈ ਅਤੇ ਸਭ ਤੋਂ ਵੱਡਾ ਲੁਟੇਰਾ ਵੀ ਹੈ। ਨਾਲ ਹੀ ਅਰਵਿੰਦ ਕੇਹਰੀਵਾਲ ਨੇ ਕਿਹਾ ਕਿ ਸੋਨੀਆ ਗਾਂਧੀ ਭ੍ਰਿਸ਼ਟਾਚਾਰ ਦੀ ਮਾਂ ਹੈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜਿਆ ਸੀ ।
ਉਨ੍ਹਾਂ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸ. ਭਗਵੰਤ ਸਿੰਘ ਮਾਨ ਨੂੰ ਰਾਹੁਲ ਗਾਂਧੀ ਦੇ ਪੈਰਾਂ ਵਿੱਚ ਪਾ ਕੇ ਪੰਜਾਬ ਦਾ ਨਿਰਾਦਰ ਕੀਤਾ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕਰਕੇ ਇਸ ਨੂੰ ਢਾਹ ਦਿੱਤਾ ਸੀ।