ਮਾਲੇਰਕੋਟਲਾ 28 ਅਗਸਤ 2023: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਥਾਨਕ ਨਗਰ ਕੌਂਸਲ ਅਧੀਨ ਆਉਂਦੇ 33 ਵਾਰਡਾਂ ਵਿਚ ਬਣੇ ਨੀਲੇ ਕਾਰਡਾਂ ਵਿਚੋਂ 50 ਫ਼ੀ ਸਦੀ ਦੇ ਕਰੀਬ ਨੀਲੇ ਕਾਰਡ ਕੱਟ ਦਿਤੇ ਹਨ। ਅਜਿਹਾ ਕਰਕੇ ਆਮ ਆਦਮੀ ਪਾਰਟੀ ਗ਼ਰੀਬਾਂ ਨੂੰ ਦਿਤੀਆਂ ਗਈਆਂ ਸਹੂਲਤਾਂ ਤੋਂ ਵਾਂਝਾ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਇਥੇ ਜਾਰੀ ਇਕ ਬਿਆਨ ਵਿਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਇਕ ਹਫ਼ਤੇ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਨੂੰ ਮਿਲ ਰਹੇ ਹਨ। ਵਾਰਡ ਨੰਬਰ 19 ਅਤੇ ਵਾਰਡ ਨੰਬਰ 25 ਦੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਧੋਖੇ ਨਾਲ ਅਤੇ ਸੱਤਾਧਾਰੀ ਕੌਂਸਲਰਾਂ ਦੇ ਆਖੇ ਲੱਗ ਕੇ ਉਨ੍ਹਾਂ ਦੇ ਨੀਲੇ ਕਾਰਡ ਕੱਟ ਦਿਤੇ ਹਨ ਜਿਸ ਕਾਰਨ ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਦਿਤਾ ਜਾਂਦਾ ਮੁਫ਼ਤ ਤੇ ਸਸਤਾ ਰਾਸ਼ਨ ਮਿਲਣਾ ਬੰਦ ਹੋ ਗਿਆ ਹੈ। ਇਹੀ ਹਾਲ ਬਾਕੀ ਦੇ ਵਾਰਡਾਂ ਵਿਚ ਕੀਤਾ ਗਿਆ ਹੈ। ਨੀਲੇ ਕਾਰਡ ਦੀ ਸਹਾਇਤਾ ਨਾਲ ਲੋਕ ਕੇਂਦਰ ਸਰਕਾਰ ਦੀ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਯਾ ਯੋਜਨਾ ਅਧੀਨ ਪੰਜ ਲੱਖ ਤਕ ਦਾ ਸਿਹਤ ਬੀਮਾ ਵੀ ਕਰ ਸਕਦੇ ਸਨ ਪਰ ਹੁਣ ਕਾਰਡ ਕੱਟੇ ਜਾਣ ਕਾਰਨ ਲੋਕ ਇਸ ਯੋਜਨਾ ਦਾ ਵੀ ਲਾਹਾ ਨਹੀਂ ਲੈ ਸਕਦੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਹੈ ਪਰ ਹੁਣ ਸਹੂਲਤਾਂ ਦੇਣ ਬਜਾਏ ਪਹਿਲਾਂ ਤੋਂ ਜਾਰੀ ਯੋਜਨਾਵਾਂ ਨੂੰ ਬੰਦ ਕਰਕੇ ਗ਼ਰੀਬ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਦੇ ਵੀ ਕਾਰਡ ਕੱਟ ਦਿਤੇ ਗਏ ਹਨ ਜਿਨ੍ਹਾਂ ਦੀ ਕੋਈ ਸਲਾਨਾ ਆਮਦਨ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਹ ਕਾਰਡ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਬਣਾਏ ਸਨ ਜਿਸ ਦੇ ਆਧਾਰ ਤੇ ਸਸਤੀਆਂ ਦਾਲਾਂ ਅਤੇ ਸਸਤਾ ਆਟਾ ਮਿਲਦਾ ਆ ਰਿਹਾ ਸੀ। ਇਹ ਕਾਰਡ ਕੱਟ ਦਿਤੇ ਜਾਣ ਕਾਰਨ ਹੁਣ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਸਰਕਾਰ ਦੇ ਇਸ ਵਤੀਰੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਬੀਬਾ ਜ਼ਾਹਿਦਾ ਸੁਲੇਮਾਨ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬਦਲਾਖੋਰੀ ਦੀ ਭਾਵਨਾ ਨਾਲ ਕੱਟੇ ਜਾ ਰਹੇ ਨੀਲੇ ਕਾਰਡ ਮੁੜ ਬਹਾਲ ਕੀਤੇ ਜਾਣ। ਕੋਈ ਵੀ ਕਾਰਡ ਕੱਟਣ ਤੋਂ ਪਹਿਲਾਂ ਉਸ ਪਰਵਾਰ ਦੀ ਆਮਦਨ ਅਤੇ ਆਮਦਨ ਦੇ ਸਾਧਨਾਂ ਦੀ ਬਾਰੀਕੀ ਨਾਲ ਘੋਖ ਕਰ ਲਈ ਜਾਵੇ। ਸੱਤਾਧਾਰੀ ਮਿਊਂਸਪਲ ਕੌਂਸਲਰਾਂ ਦੇ ਆਖੇ ਲੱਗ ਕੇ ਗ਼ਰੀਬ ਪਰਵਾਰਾਂ ਨੂੰ ਸਤਾਉਣਾ ਬੰਦ ਕੀਤਾ ਜਾਣਾ ਚਾਹੀਦਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਪੀੜਤਾਂ ਨੂੰ ਭਰੋਸਾ ਦਿਤਾ ਕਿ ਜੇ ਇਹ ਸਰਕਾਰ ਨੀਲੇ ਕਾਰਡ ਬਹਾਲ ਨਹੀਂ ਕਰਦੀ ਤਾਂ ਅਕਾਲੀ ਦਲ ਦੇ ਨੇਤਾ ਅਤੇ ਵਰਕਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਉ ਕਰਨਗੇ। ਉਨ੍ਹਾਂ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਰੱਦ ਕੀਤੇ ਸਾਰੇ ਨੀਲੇ ਕਾਰਡ ਮੁੜ ਬਣਾਏ ਜਾਣਗੇ।