ਕੁੱਲੂ, 24 ਅਗਸਤ -ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 36 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਦੋ ਥਾਵਾਂ ਤੇ ਬੱਦਲ ਫਟ ਗਏ ਹਨ, ਜਦਕਿ ਕਈ ਥਾਵਾਂ ਤੇ ਢਿੱਗਾਂ ਡਿੱਗੀਆਂ ਹਨ। ਇਸ ਦੌਰਾਨ ਕੁੱਲੂ ਵਿੱਚ ਕੁਝ ਹੀ ਸਮੇਂ ਵਿੱਚ ਕਈ ਘਰ ਢਹਿ ਗਏ।
ਕੁੱਲੂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਕੁੱਲੂ ਦੇ ਐਨੀ ਸਬ-ਡਿਵੀਜ਼ਨ ਦੇ ਬੱਸ ਸਟੈਂਡ ਨੇੜੇ ਅੱਜ ਸਵੇਰੇ ਚਾਰ ਤੋਂ ਜ਼ਿਆਦਾ ਘਰ ਤਾਸ਼ ਦੀ ਤਰ੍ਹਾਂ ਢਹਿ ਗਏ। ਕੁਝ ਸਮੇਂ ਦੇ ਅੰਦਰ ਹੀ ਇਮਾਰਤਾਂ ਜ਼ਮੀਨ ਤੇ ਢਹਿ-ਢੇਰੀ ਹੋ ਗਈਆਂ। ਇਸ ਵਿੱਚੋਂ ਐਸ ਬੀ ਆਈ ਅਤੇ ਕਾਂਗੜਾ ਕੇਂਦਰੀ ਸਰਕਾਰੀ ਬੈਂਕ ਦੀਆਂ ਦੋ ਇਮਾਰਤਾਂ ਵਿੱਚ ਸ਼ਾਖਾਵਾਂ ਚੱਲ ਰਹੀਆਂ ਸਨ। ਘਰ ਵਿੱਚ ਤਰੇੜਾਂ ਨਜ਼ਰ ਆਉਣ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਦੋਵਾਂ ਸ਼ਾਖਾਵਾਂ ਨੂੰ ਇੱਥੋਂ ਕੱਢ ਕੇ ਕਿਸੇ ਹੋਰ ਥਾਂ ਤੇ ਲਿਜਾਇਆ ਗਿਆ ਸੀ।
ਮਕਾਨ ਵਿੱਚ ਰਹਿੰਦੇ ਕਿਰਾਏਦਾਰਾਂ ਦੀਆਂ ਦੁਕਾਨਾਂ ਖਾਲੀ ਕਰਵਾ ਦਿੱਤੀਆਂ ਗਈਆਂ। ਸਮੇਂ ਸਿਰ ਮਕਾਨ ਖਾਲੀ ਕਰਵਾ ਲਏ ਗਏ, ਨਹੀਂ ਤਾਂ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਅੱਜ ਸਵੇਰੇ ਇਕ ਤੋਂ ਬਾਅਦ ਇਕ ਮਕਾਨ ਢਹਿਣ ਲੱਗੇ ਅਤੇ ਸਾਡੀਆਂ ਅੱਖਾਂ ਸਾਹਮਣੇ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋ ਗਿਆ।
ਦੂਜੇ ਪਾਸੇ ਇਸ ਘਟਨਾ ਸਬੰਧੀ ਪ੍ਰਸ਼ਾਸਨਿਕ ਟੀਮ ਤੁਰੰਤ ਮੌਕੇ ਤੇ ਪਹੁੰਚ ਗਈ। ਪ੍ਰਸ਼ਾਸਨ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੋ ਘਰ ਪਹਿਲਾਂ ਹੀ ਖ਼ਾਲੀ ਕਰਵਾ ਲਏ ਗਏ ਸਨ, ਜਦੋਂ ਕਿ ਅੱਜ ਸਵੇਰੇ ਇਕ ਘਰ ਖ਼ਾਲੀ ਕਰਵਾ ਲਿਆ ਗਿਆ।