ਐਸ ਏ ਐਸ ਨਗਰ, 12 ਅਗਸਤ — ਸਥਾਨਕ ਫੇਜ਼ 5 ਦੀ ਮਾਰਕੀਟ (ਤਿੰਨ ਪੰਜ ਦੀਆਂ ਲਾਈਟਾਂ ਦੇ ਨਾਲ ਲੱਗਦੀ) ਦੀ ਪਾਰਕਿੰਗ ਵਾਲੀ ਥਾਂ ਵਿੱਚ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਸਾਮ੍ਹਣੇ ਵਾਲੀ ਥਾਂ ਤੇ ਮਲਬਾ ਸੁਟਵਾ ਦਿੱਤੇ ਜਾਣ ਕਾਰਨ ਜਿੱਥੇ ਪਾਰਕਿੰਗ ਦੀ ਮਾੜੀ ਹਾਲਤ ਹੋ ਗਈ ਹੈ ਉੱਥੇ ਮਲਬੇ ਵਿੱਚ ਪਈ ਗੰਦਗੀ ਕਾਰਨ ਇੱਥੇ ਭਾਰੀ ਮੱਛਰ ਪੈਦਾ ਹੋ ਰਿਹਾ ਹੈ।
ਮਾਰਕੀਟ ਦੀ ਪਾਰਕਿੰਗ ਵਿੱਚ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਪਾਰਕਿੰਗ ਵਿੱਚ ਕਈ ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਇਸ ਕਾਰਨ ਪਾਰਿਕੰਗ ਬੁਰੀ ਤਰ੍ਹਾਂ ਟੁੱਟ ਗਈ ਹੈ। ਇਸ ਵਾਰ ਬਰਸਾਤ ਜਿਆਦਾ ਹੋਣ ਕਾਰਨ ਦੁਕਾਨਾਂ ਦੀਆਂ ਬੇਸਮੈਂਟਾਂ ਵਿੱਚ ਵੀ ਪਾਣੀ ਆ ਗਿਆ ਹੈ ਅਤੇ ਦੁਕਾਨਦਾਰਾਂ ਵਲੋਂ ਮੋਟਰਾਂ ਲਗਾ ਕੇ ਇਹ ਪਾਣੀ ਪਾਰਕਿੰਗ ਵਿੱਚ ਛੱਡਿਆ ਜਾਂਦਾ ਹੈ ਜਿਸ ਕਾਰਨ ਇਹ ਪਾਣੀ ਲਗਾਤਾਰ ਖੜ੍ਹਾ ਰਹਿੰਦਾ ਹੈ।
ਇਸ ਦੌਰਾਨ ਹੋਸ਼ਿਆਰਪੁਰਿਆਂ ਦੀ ਹੱਟੀ ਅਤੇ ਉਸਦੇ ਨਾਲ ਲੱਗਦੇ ਦੋ ਤਿੰਨ ਬੂਥਾਂ ਦੇ ਸਾਮ੍ਹਣੇ ਦੁਕਾਨਦਾਰਾਂ ਵਲੋਂ ਕੋਠੀਆਂ ਦੀ ਢਾਹ ਢੁਹਾਈ ਦੌਰਾਨ ਨਿਕਲਣ ਵਾਲੇ ਮਲਬੇ ਦੀਆਂ ਤਿੰਨ ਚਾਰ ਟਰਾਲੀਆਂ ਇੱਥੇ ਸੁਟਵਾ ਦਿੱਤੀਆਂ ਗਈਆਂ ਹਨ ਜਿਸ ਕਾਰਨ ਇਹ ਪੂਰਾ ਖੇਤਰ ਨੋ ਪਾਰਿਕੰਗ ਜੋਨ ਵਿੱਚ ਬਦਲ ਗਿਆ ਹੈ। ਇੱਥੇ ਪਾਰਕਿੰਗ ਦੀ ਥਾਂ ਘੱਟ ਹੋਣ ਕਾਰਨ ਪਹਿਲਾਂ ਹੀ ਵਾਹਨਾਂ ਚਾਲਕਾਂ ਨੂੰ ਪਾਰਿਕਿੰਗ ਦੀ ਥਾਂ ਨਹੀਂ ਮਿਲਦੀ ਸੀ ਅਤੇ ਹੁਣ ਇੱਥੇ ਸੁੱਟੇ ਮਲਬੇ ਕਾਰਨ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ।
ਇਸ ਸੰਬੰਧੀ ਹੋਸ਼ਿਆਰਪੁਰੀਆਂ ਦੀ ਹੱਟੀ ਦੇ ਦੁਕਾਨ ਨੂੰ ਮਲਬਾ ਸੁਟਵਾਏ ਜਾਣ ਬਾਰੇ ਪੁੱਛਣ ਤੇ ਉਹਨਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਮਲਬਾ ਉਹਨਾਂ ਨੇ ਸੁਟਵਾਇਆ ਹੈ ਜਦੋਂਕਿ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਮਲਬਾ ਇਸੇ ਦੁਕਾਨਦਾਰ ਵਲੋਂ ਸੁਟਵਾਇਆ ਗਿਆ ਹੈ।
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੀ ਕਮਿਸ਼ਨਰ ਡਾ. ਨਵਜੋਤ ਕੌਰ ਨੇ ਕਿਹਾ ਕਿ ਇਸ ਤਰੀਕੇ ਨਾਲ ਪਾਰਕਿੰਗ ਵਿੱਚ ਮਲਬਾ ਸੁਟਵਾਏ ਜਾਣ ਦੀ ਕਾਰਵਾਈਗਲਤ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾੳਣਗੇ ਅਤੇ ਜੇਕਰ ਉੱਥੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ ਤਾਂ ਉਸਨੂੰ ਠੀਕ ਕਰਵਾਇਆ ਜਾਵੇਗਾ ਅਤੇ ਪਾਰਕਿੰਗ ਵਿੱਚ ਮਲਬਾ ਸੁੱਟਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।