ਐਸ ਏ ਐਸ ਨਗਰ, 12 ਅਗਸਤ – ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਪਿੰਡ ਰਾਮਗੜ੍ਹ ਵਿਖੇ ਪਾਣੀ ਸਪਲਾਈ ਦੀ ਸਮੱਸਿਆ ਦਾ ਹਲ ਕਰਨ ਲਈ ਪਿੰਡ ਵਿੱਚ ਪਾਣੀ ਦੇ ਟਿਊਬਵੈਲ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਟਿਉਬਵੈਲ ਰਾਹੀਂ ਲੋਕਾਂ ਨੂੰ ਪਾਣੀ ਦੀਆਂ ਸਮੱਸਿਆਵਾਂ ਤੋਂ ਉਮਰ ਭਰ ਲਈ ਰਾਹਤ ਮਿਲ ਜਾਵੇਗੀ ਅਤੇ ਉਨ੍ਹਾਂ ਨੂੰ ਹੁਣ ਲੰਬੇ ਸਮੇਂ ਤੋਂ ਚਲੀ ਆ ਰਹੀ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਨਹੀਂ ਜੂਝਣਾ ਪਵੇਗਾ। ਇਸ ਮੌਕੇ ਉਹਨਾਂ ਇੱਥੇ ਪਾਈਪਾਂ ਪਾਏ ਜਾਣ ਦੇ ਕੰਮ ਦਾ ਵੀ ਉਦਘਾਟਨ ਕੀਤਾ।
ਸz. ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਹਮੇਸ਼ਾ ਹੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੰਮ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਦੋ ਕਲਾਸ ਰੂਮ ਕਮਰਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਵਲੋਂ ਮੈਰਿਟ ਦੇ ਵਿੱਚ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ, ਇਸ ਲਈ ਸਾਨੂੰ ਕਦੇ ਵੀ ਮਿਹਨਤ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਉਹਨਾਂ ਕਿਹਾ ਕਿ ਸ਼ਾਰਟਕਟ ਰਸਤਾ ਬੇਸ਼ੱਕ ਇਨਸਾਨ ਨੂੰ ਥੋੜੇ ਸਮੇਂ ਦੀ ਸਫਲਤਾ ਦੇ ਦਿੰਦਾ ਹੈ, ਪ੍ਰੰਤੂ ਜੇਕਰ ਇਨਸਾਨ ਨੇ ਸੱਚਮੁੱਚ ਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਉਸ ਨੂੰ ਮਿਹਨਤ ਦਾ ਹੀ ਰਾਹ ਅਪਣਾਉਣਾ ਪਵੇਗਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਕਿਰਨ ਕੁਮਾਰੀ, ਦਾਉਂ ਪਿੰਡ ਦੇ ਸਰਪੰਚ ਪ੍ਰਭਜੋਤ ਲਾਲੀ, ਗੁਰਨਾਮ ਸਿੰਘ ਕਾਲਾ, ਜੈ ਤੜੋਲੀ, ਬੀ ਡੀ ਪੀ ਓ ਧਨਵੰਤ, ਜੇ ਈ ਜਸਪਾਲ, ਪ੍ਰਭ ਦਾਉ , ਬਿੱਲਾ ਦਾਉਂ ਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜਰ ਸਨ ।