ਨਵੀਂ ਦਿੱਲੀ, 9 ਅਗਸਤ – ਈ ਡੀ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਤਹਿਤ ਹਰਿਆਣਾ ਦੇ ਵਿਧਾਇਕ ਗੋਪਾਲ ਕਾਂਡਾ ਨਾਲ ਜੁੜੇ ਕੰਪਲੈਕਸਾਂ ਵਿੱਚ ਛਾਪੇਮਾਰੀ ਕੀਤੀ ਗਈ। ਹਰਿਆਣਾ ਦੇ ਗੁਰੂਗ੍ਰਾਮ, ਸਿਰਸਾ ਅਤੇ ਦਿੱਲੀ ਵਿਚ ਰਿਹਾਇਸ਼ੀ ਅਤੇ ਵਪਾਰਕ ਕੰਪਲੈਕਸਾਂ ਵਿੱਚ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ ਦੀਆਂ ਵਿਵਸਥਾਵਾਂ ਤਹਿਤ ਛਾਪੇਮਾਰੀ ਕੀਤੀ ਜਾ ਰਹੀ ਹੈ।
ਹਰਿਆਣਾ ਲੋਕ ਹਿੱਤ ਪਾਰਟੀ ਦੇ ਨੇਤਾ ਕਾਂਡਾ ਸਿਰਸਾ ਤੋਂ ਵਿਧਾਇਕ ਹਨ। ਉਹ ਸੂਬੇ ਦੇ ਗ੍ਰਹਿ, ਉਦਯੋਗ ਅਤੇ ਨਗਰ ਬਾਡੀਜ਼ ਮੰਤਰੀ ਦੇ ਤੌਰ ਤੇ ਵੀ ਸੇਵਾਵਾਂ ਦੇ ਚੁੱਕੇ ਹਨ। ਦਿੱਲੀ ਦੀ ਇਕ ਅਦਾਲਤ ਨੇ ਹੁਣ ਬੰਦ ਹੋ ਚੁੱਕੀ ਕਾਂਡਾ ਦੀ ਹਵਾਬਾਜ਼ੀ ਕੰਪਨੀ ਐਮ ਡੀ ਐਲ ਆਰ ਦੀ ਏਅਰ ਹੋਸਟੈਸ ਗੀਤਿਕਾ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਹਾਈ ਪ੍ਰੋਫ਼ਾਈਲ ਮਾਮਲੇ ਵਿਚ ਕਾਂਡਾ ਨੂੰ ਹਾਲ ਹੀ ਵਿਚ ਬਰੀ ਕਰ ਦਿੱਤਾ ਸੀ।