ਐਸ ਏ ਐਸ ਨਗਰ, 27 ਜੁਲਾਈ – ਮੁਹਾਲੀ ਪੁਲੀਸ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਦੀ ਸੈਕਟਰ 68 ਮੁਹਾਲੀ ਦੀ ਰਿਹਾਇਸ਼ੀ ਕਲੋਨੀ ਤੋਂ ਬੁਲਟ ਮੋਟਰਸਾਇਕਲ ਨੰਬਰ ਪੀ.ਬੀ.-11-ਸੀ.ਐਲ-7108 ਚੋਰੀ ਹੋ ਗਿਆ ਸੀ। ਇਸ ਸਬੰਧੀ ਮੋਟਰਸਾਇਕਲ ਦੇ ਮਾਲਕ ਮਨਿੰਦਰ ਸਿੰਘ ਵਾਸੀ ਨਿਊ ਸੈਂਚਰੀ ਇੰਨਕਲੇਵ, ਪਟਿਆਲਾ (ਹਾਲ ਵਾਸੀ ਸੈਕਟਰ 68, ਮੁਹਾਲੀ) ਦੇ ਬਿਆਨਾਂ ਤੇ ਗੁਰਕਰਨ ਸਿੰਘ ਉਰਫ ਕਰਨ ਵਾਸੀ ਪਿੰਡ ਬਾਠਾਂ ਕਲਾ ਥਾਣਾ ਖੇੜੀ ਨੌਧ ਸਿੰਘ ਜਿਲਾ ਫਤਿਹਗੜ ਸਾਹਿਬ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਅਬਲਖੇੜ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਖਿਲਾਫ ਥਾਣਾ ਫੇਜ਼ 8 ਵਿੱਚ ਆਈ. ਪੀ. ਸੀ ਦੀ ਧਾਰਾ 379,34 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਸਹਾਇਕ ਥਾਣੇਦਾਰ ਕੇਸਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਪੰਜਾਬ ਸਕੂਲ ਸਿੱਖਿਆ ਬੋਰਡ ਨੇੜੇ ਨਾਕਾਬੰਦੀ ਦੌਰਾਨ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਚੋਰੀ ਦਾ ਬੁਲਟ ਮੋਟਰਸਾਈਕਲ ਬਰਾਮਦ ਕਰਵਾਇਆ।
ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਤੋਂ ਪੁੱਛਗਿੱਛ ਦੇ ਆਧਾਰ ਤੇ ਮਾਮਲੇ ਵਿੱਚ ਮਨਿੰਦਰ ਸਿੰਘ ਵਾਸੀ ਪਿੰਡ ਠਸਕਾ ਥਾਣਾ ਬਲੌਂਗੀ, ਜਿਲ੍ਹਾ ਐਸ.ਏ.ਐਸ.ਨਗਰ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਸੀ ਅਤੇ ਪੁਲੀਸ ਵਲੋਂ ਉਸਨੂੰ ਪੁਰਾਣਾ ਬੱਸ ਸਟੈਂਡ ਫੇਜ਼ 8 ਨੇੜਿਉਂ ਕਾਬੂ ਕਰਕੇ ਉਸਦੇ ਕਬਜੇ ਵਿਚੋਂ ਚੋਰੀ ਦਾ ਸਪਲੈਂਡਰ ਮੋਟਰਸਾਇਕਲ (ਜਿਸਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ) ਬਰਾਮਦ ਕੀਤਾ ਗਿਆ ਹੈ। ਮਨਿੰਦਰ ਨੇ ਇਹ ਮੋਟਰਸਾਇਕਲ ਕੁਝ ਸਮਾਂ ਪਹਿਲਾਂ ਖਰੜ ਏਰੀਆ ਤੋ ਚੋਰੀ ਕੀਤਾ ਸੀ। ਉਹਨਾਂ ਦੱਸਿਆ ਕਿ ਸਪਲੈਂਡਰ ਮੋਟਰਸਾਇਕਲ ਤੇ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਣ ਕਰਕੇ ਮਾਮਲੇ ਵਿੱਚ ਆਈ. ਪੀ. ਸੀ. ਦੀ ਧਾਰਾ 473 ਦਾ ਵਾਧਾ ਕੀਤਾ ਗਿਆ ਹੈ।