ਚੰਡੀਗੜ੍ਹ, 2ਸਤੰਬਰ- ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਜ਼ਬਤ ਕਰਕੇ 400 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਇਹ ਡਰੋਨ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀ ਸਖਤ ਸੁਰੱਖਿਆ ਨੂੰ ਪਾਰ ਕਰਨ ਵਿੱਚ ਸਫਲ ਰਿਹਾ ਸੀ ਪਰੰਤੂ ਇਸ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਹੁਕਮਾਂ ਤੇ ਬਣਾਈ ਗਈ ਗ੍ਰਾਮ ਸੁਰੱਖਿਆ ਕਮੇਟੀ (ਵੀ ਡੀ ਸੀ) ਦੀ ਮਦਦ ਨਾਲ ਜ਼ਬਤ ਕਰ ਲਿਆ ਗਿਆ ਹੈ ਅਤੇ 400 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਪੰਜਾਬ ਪੁਲੀਸ ਅਨੁਸਾਰ ਇਹ ਡਰੋਨ ਅਟਾਰੀ ਸਰਹੱਦ ਦੇ ਬਿਲਕੁਲ ਨੇੜੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਧੁੰਆ ਖੁਰਦ ਤੋਂ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਰੋਨ ਨੂੰ ਵੀ. ਡੀ. ਸੀ. ਕਮੇਟੀ ਵੱਲੋਂ ਦੇਖਿਆ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਖੇਤਾਂ ਵਿੱਚੋਂ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਡਰੋਨ ਨਾਲ ਇੱਕ ਬੋਤਲ ਬੰਨ੍ਹੀ ਹੋਈ ਸੀ, ਜਿਸ ਵਿੱਚ 400 ਗ੍ਰਾਮ ਹੈਰੋਇਨ ਸੀ। ਪੁਲੀਸ ਨੇ ਇਸ ਨੂੰ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।