ਐਸ ਏ ਐਸ ਨਗਰ, 27 ਜੁਲਾਈ – ਖਰੜ-ਲਾਂਡਰਾ ਰੋਡ ਤੇ ਸਥਿਤ ਸੈਕਟਰ 115 ਵਿੱਚ ਪੈਂਦੀ ਵਰਲਡ ਵਨ ਸੁਸਾਇਟੀ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਣੀ ਸੁਸਾਇਟੀ ਦੇ ਬਿਲਡਰ ਤੇ ਯੋਗ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਏ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਵੀ ਐਸ ਬਹਿਲ ਨੇ ਦੱਸਿਆ ਕਿ ਜਦੋਂ ਵੀ ਮੀਂਹ ਪੈਂਦਾ ਹੈ, ਬੇਸਮੈਂਟ ਵਿੱਚ ਕਾਫੀ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਇੱਥੇ ਰਹਿੰਦੇ ਲੋਕਾਂ ਦੇ ਵਾਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਉਹਨਾਂ ਕਿਹਾ ਕਿ ਲੋਕਾਂ ਦੇ ਵਾਰ ਵਾਰ ਹੁੰਦੇ ਨੁਕਸਾਨ ਦੇ ਬਾਵਜੂਦ ਬਿਲਡਰ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਕਰਨ ਦੀ ਖੇਚਲ ਵੀ ਨਹੀਂ ਕਰਦੇ, ਬਲਕਿ ਸੁਸਾਇਟੀ ਦੇ ਮੈਂਬਰ ਖੁਦ ਆਪਣੇ ਖਰਚੇ ਤੇ ਸੁਸਾਇਟੀ ਵਿੱਚੋਂ ਪਾਣੀ ਦੀ ਨਿਕਾਸੀ ਦਾ ਕੰਮ ਕਰਦੇ ਹਨ।
ਉਹਨਾਂ ਕਿਹਾ ਕਿ ਸਥਾਨਕ ਵਸਨੀਕ ਬਿਲਡਰ ਦੇ ਖਿਲਾਫ ਪ੍ਰਦਰਸ਼ਨ ਵੀ ਕਰ ਚੁੱਕੇ ਹਨ ਅਤੇ ਇਸ ਮਾਮਲੇ ਸਬੰਧੀ ਐਸ. ਡੀ. ਐਮ ਖਰੜ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ, ਪਰ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਬਿਲਡਰ ਨੂੰ ਸੁਸਾਇਟੀ ਵਿੱਚ ਯੋਗ ਪ੍ਰਬੰਧ ਕਰਨ ਲਈ ਕੋਈ ਹਦਾਇਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ ਤਾਂ ਵਸਨੀਕ ਮੁੜ ਧਰਨਾ ਦੇਣ ਅਤੇ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ।
ਲੋਕਾਂ ਨੇ ਦੱਸਿਆ ਕਿ ਬਿਲਡਰ ਵੱਲੋਂ ਬਿਲਡਿੰਗ ਦਾ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸਾਰਾ ਪਾਣੀ ਬੇਸਮੈਂਟ ਵੱਲ ਆ ਜਾਂਦਾ ਹੈ ਅਤੇ ਬੇਸਮੈਂਟ ਪਾਣੀ ਨਾਲ ਭਰ ਜਾਂਦੀ ਹੈ। ਜਦ ਕਿ ਉਥੇ ਖੜ੍ਹੇ ਲੋਕਾਂ ਦੇ ਵਾਹਨ ਡੁੱਬ ਜਾਂਦੇ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਜਦੋਂ ਵੀ ਬੇਸਮੈਂਟ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਸਾਰੀ ਸੁਸਾਇਟੀ ਦੀ ਬਿਜਲੀ ਅਤੇ ਪਾਣੀ ਦੀ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ। ਕਿਉਂਕਿ ਬਿਜਲੀ ਦੇ ਸਾਰੇ ਉਪਕਰਨ ਜਿਵੇਂ ਕਿ ਮੋਟਰ ਆਦਿ ਬੇਸਮੈਂਟ ਵਿੱਚ ਹੀ ਲੱਗੇ ਹੋਏ ਹਨ। ਜਦੋਂ ਪਾਣੀ ਉੱਥੇ ਆ ਜਾਂਦਾ ਹੈ ਤਾਂ ਬਿਜਲੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ। ਇਸ ਦੇ ਨਾਲ ਹੀ ਪਾਣੀ ਦੀ ਸਪਲਾਈ ਵਿੱਚ ਵੀ ਵਿਘਨ ਪੈਂਦਾ ਹੈ। ਲੋਕਾਂ ਨੂੰ ਬਿਜਲੀ ਅਤੇ ਪਾਣੀ ਤੋਂ ਬਿਨਾਂ ਰਹਿਣਾ ਪੈ ਰਿਹਾ ਹੈ।
ਇਸ ਮੌਕੇ ਹਾਜਿਰ ਸੁਸਾਇਟੀ ਦੇ ਇੱਕ ਵਸਨੀਕ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਬੱਚਤ ਲਗਾ ਕੇ ਸੁਸਾਇਟੀ ਵਿੱਚ ਮਕਾਨ ਲਿਆ ਸੀ ਅਤੇ ਉਹਨਾਂ ਨੂੰ ਆਸ ਸੀ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਆਪਣੇ ਘਰਾਂ ਵਿੱਚ ਆਰਾਮ ਨਾਲ ਬਤੀਤ ਹੋਵੇਗੀ। ਪਰ ਇੱਥੇ ਬਿਲਡਰ ਵੱਲੋਂ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਗਈ ਹੈ ਕਿ ਹੁਣ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਪੱਤਰਕਾਰ ਸੰਮੇਲਨ ਦੌਰਾਨ ਸੰਸਥਾ ਦੇ ਅਹੁਦੇਦਾਰਾਂ ਵਲੋਂ ਸੁਸਾਇਟੀ ਦੇ ਬਿਲਡਰ ਹਰਮੀਤ ਚਾਵਲਾ ਨਾਲ ਫੋਨ ਤੇ ਸੰਪਰਕ ਕਰਨ ਤੇ ਪੱਤਰਕਾਰਾਂ ਨੂੰ ਜਵਾਬ ਦੇਣ ਲਈ ਕਿਹਾ ਗਿਆ ਜਿਸਤੇ ਸz. ਹਰਮੀਤ ਸਿੰਘ ਨੇ ਕਿਹਾ ਕਿ ਬੇਸਮੈਂਟ ਵਿੱਚ ਗੱਡੀਆ ਦਾ ਜਿਹੜਾ ਨੁਕਸਾਨ ਹੋਇਆ ਹੈ ਉਹ ਕੁਦਰਤੀ ਆਪਦਾ ਕਾਰਨ ਹੋਇਆ ਹੈ ਅਤੇ ਇਸ ਵਿੱਚ ਉਹ ਕੁੱਝ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਜੇਕਰ ਸੁਸਾਇਟੀ ਦਾ ਕੋਈ ਕੰਮ ਹੋਣ ਵਾਲਾ ਹੈ ਤਾਂ ਉਹ ਉਸਨੂੰ ਕਰਵਾਉਣ ਲਈ ਤਿਆਰ ਹਨ।
ਇਸ ਸੰਬੰਧੀ ਸੰਪਰਕ ਕਰਨ ਤੇ ਖਰੜ ਦੇ ਐਸ ਡੀ ਐਮ ਸz. ਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੁਸਾਇਟੀ ਦੇ ਵਸਨੀਕਾਂ ਦੀ ਸ਼ਿਕਾਹਿਤ ਮਿਲੀ ਹੈ ਅਤੇ ਉਹਨਾਂ ਵਲੋਂ ਇਸ ਸੰਬੰਧੀ ਸੁਸਾਇਟੀ ਦੇ ਬਿਲਡਰ ਨੂੰ ਸੰਮਨ ਕੀਤਾ ਗਿਆ ਹੈ ਅਤੇ ਬਿਲਡਰ ਦਾ ਪੱਖ ਸੁਣਣ ਤੋਂ ਬਾਅਦ ਪ੍ਰਸ਼ਾਸ਼ਨ ਵਲੋਂ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।