ਚੰਡੀਗੜ੍ਹ, 14 ਜੂਨ 2020 – 2nd ਲੈਫਟੀਨੈਂਟ ਅਨਮੋਲ ਨਾਰੰਗ ਨੇ ਸ਼ਨੀਵਾਰ ਨੂੰ ਵੈਸਟ ਪੁਆਇੰਟ ਵਿਖੇ ਯੂਐਸ ਮਿਲਟਰੀ ਅਕੈਡਮੀ ਵਿਚੋਂ ਪਾਸ ਹੋ ਕੇ ਪਹਿਲੀ ਕੇਸਧਾਰੀ ਸਿੱਖ ਔਰਤ ਬਣਨ ਤੋਂ ਬਾਅਦ ਇਤਿਹਾਸ ਰਚਿਆ ਹੈ। ਹਾਲਾਂਕਿ, ਉਹ ਅਮਰੀਕੀ ਫੌਜ ਵਿੱਚ ਅਫਸਰ ਬਣਨ ਵਾਲੀ ਪਹਿਲੀ ਸਿੱਖ ਔਰਤ ਨਹੀਂ ਹੈ। ਉਸ ਤੋਂ ਪਹਿਲਾਂ ਵੀ ਸਿੱਖ ਔਰਤਾਂ ਯੂਐਸ ਮਿਲਟਰੀ ਅਕੈਡਮੀ ਵਿਚੋਂ ਪਾਸ ਹੋਈਆਂ ਹਨ ਅਤੇ ਅਫਸਰ ਬਣੀਆਂ ਹਨ, ਪਰ ਅਨਮੋਲ ਨਾਰੰਗ ਨੇ ਪਹਿਲੀ ਕੇਸਧਾਰੀ ਸਿੱਖ ਔਰਤ ਵਜੋਂ ਇਹ ਮਾਣ ਹਾਸਲ ਕੀਤਾ ਹੈ।
ਅਨਮੋਲ ਵੱਲੋਂ ਆਪਣੇ ਗ੍ਰੈਜੂਏਸ਼ਨ ਸਮਾਰੋਹ ਤੋਂ ਪਹਿਲਾਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਉਸਨੇ ਕਿਹਾ, “ਮੈਂ ਸ਼ਨੀਵਾਰ ਨੂੰ ਵੈਸਟ ਪੁਆਇੰਟ ਤੋਂ ਗ੍ਰੈਜੂਏਸ਼ਨ ਕਰਨ ਦੇ ਆਪਣੇ ਸੁਪਨੇ ਦੇ ਪੂਰਾ ਹੋਣ ‘ਤੇ ਉਤਸ਼ਾਹਿਤ ਹਾਂ ਅਤੇ ਮਾਣ ਮਹਿਸੂਸ ਕਰ ਰਹੀ ਹਾਂ। ਜਾਰਜੀਆ ‘ਚੋਂ ਮੇਰੀ ਕਮਿਊਨਿਟੀ ਦਾ ਵਿਸ਼ਵਾਸ ਅਤੇ ਸਮਰਥਨ ਮੇਰੇ ਲਈ ਡੂੰਘਾ ਸਾਰਥਕ ਰਿਹਾ ਹੈ, ਅਤੇ ਮੈਂ ਨਿਮਰ ਹੋ ਕੇ ਇਸ ਟੀਚੇ ਨੂੰ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ ਅਤੇ ਮੈਂ ਹੋਰ ਅਮਰੀਕੀਆਂ-ਸਿੱਖਾਂ ਨੂੰ ਦਿਖਾ ਰਹੀ ਹਾਂ ਕਿ ਆਪਣੀ ਮੰਜ਼ਿਲ ਵੱਲ ਵਧਣ ਲਈ ਕੋਈ ਵੀ ਰਸਤਾ ਔਖਾ ਨਹੀਂ ਹੈ।”
ਇਸ ਤੋਂ ਬਾਅਦ ਅਨਮੋਲ ਬੇਸਿਕ ਅਫਸਰ ਲੀਡਰਸ਼ਿਪ ਕੋਰਸ ਪੂਰਾ ਕਰੇਗੀ ਅਤੇ ਉਸ ਤੋਂ ਬਾਅਦ ਉਸਨੂੰ ਆਪਣੀ ਪਹਿਲੀ ਪੋਸਟਿੰਗ ਮਿਲੇਗੀ। ਜਾਰਜੀਆ ਦੇ ਰੋਸਵੈਲ ਦੀ ਜੰਮਪਲ ਅਤੇ ਉੱਥੇ ਹੀ ਪਲ ਕੇ ਵੱਡੀ ਹੋਈ ਨਾਰੰਗ ਦੇ ਨਾਨਾ ਜੀ ਭਾਰਤੀ ਫੌਜ ਵਿੱਚ ਨੌਕਰੀ ਕਰਦੇ ਸਨ ਅਤੇ ਜਦੋਂ ਉਹ ਹਾਈ ਸਕੂਲ ਸੀ ਤਾਂ ਉਸਨੇ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਪਾਲ ਲਿਆ ਸੀ ਜਿਸ ਨੂੰ ਉਸ ਨੇ ਅਣਥਕ ਮਿਹਨਤ ਸਦਕਾ ਪਾ ਲਿਆ ਹੈ।