ਕੈਲੀਫੋਰਨੀਆ – ਜਾਰਜੀਆ ਦੇ ਸ਼ਹਿਰ ਸਵਾਨਾਹ ਵਿੱੱਚ ਸੇਂਟ ਪੈਟਰਿਕ ਡੇਅ ਸੈਲਾਨੀਆਂ, ਪਰੇਡਾਂ ਅਤੇ ਬਾਰ ਹੋਪਿੰਗ ਲਈ ਜਾਣਿਆ ਜਾਂਦਾ ਹੈ। ਇਸ ਸਾਲ ਕੋਰੋਨਾ ਮਹਾਂਮਾਰੀ ਦੇ ਬਾਵਜੂਦ, ਸ਼ਹਿਰ ਵਿੱਚ ਇਸ ਦਿਵਸ ਤੇ 30,000 ਤੋਂ 50,000 ਸੈਲਾਨੀਆਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਇਸ ਹਫਤੇ ਦੇ ਅੰਤ ਵਿੱਚ ਹੋਟਲਾਂ ਦੀ ਸਮਰੱਥਾ 90% ਤੋਂ ਵੱਧ ਹੋਣ ਦੀ ਉਮੀਦ ਹੈ।ਸਵਾਨਾਹ ਦੇ ਇੱਕ ਪ੍ਰਮੁੱਖ ਹੋਟਲ ਰਿਵਰਫ੍ਰੰਟ ਨੇ ਸ਼ੁੱਕਰਵਾਰ ਨੂੰ ਇਸਦੀ ਸਮਰੱਥਾ ਦੇ ਭਰਨ ਬਾਰੇ ਦੱਸਿਆ। ਸਵਾਨਾਹ ਦੀ ਸਾਲਾਨਾ ਸੇਂਟ ਪੈਟਰਿਕ ਡੇਅ ਪਰੇਡ ਮਹਾਂਮਾਰੀ ਦੇ ਕਾਰਨ ਇਸ ਸਾਲ ਵੀ ਰੱਦ ਕਰ ਦਿੱਤੀ ਗਈ ਹੈ। ਵਿਜ਼ਿਟ ਸਵਾਨਾਹ ਦੇ ਪ੍ਰਧਾਨ ਮੈਰੀਨੇਲੀ ਅਨੁਸਾਰ ਸੇਂਟ ਪੈਟਰਿਕ ਡੇਅ ਦਾ ਤਿਉਹਾਰ ਕਮਿਊਨਿਟੀ ਲਈ ਇੱਕ ਵੱਡਾ ਆਰਥਿਕ ਸਾਧਨ ਹੈ, ਪਰ ਕੋਰੋਨਾ ਕਾਰਨ ਇਸ ਨੂੰ ਲਗਾਤਾਰ ਦੋ ਸਾਲ ਰੱਦ ਕਰਨ ਨਾਲ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਹੈ।ਮੈਰੀਨੇਲੀ ਅਨੁਸਾਰ ਤਿਉਹਾਰ ਦੀ ਤਿਆਰੀ ਵਿੱਚ, ਸ਼ਹਿਰ ਨੇ ਆਪਣੀ ਕੋਵਿਡ -19 ਰਿਸੋਰਸ ਟੀਮ ਨੂੰ ਤਿੰਨ ਗੁਣਾ ਤੱਕ ਵਧਾਇਆ ਹੈ। ਇਸ ਹਫਤੇ ਦੇ ਅੰਤ ਵਿੱਚ ਸ਼ਹਿਰ ਦੇ ਕਰਮਚਾਰੀ ਵੱਡੇ ਸਮੂਹਾਂ ਨੂੰ ਖਿੰਡਾਉਣ ਲਈ ਅਤੇ ਉਹਨਾਂ ਨੂੰ ਮਾਸਕ ਦੇਣ ਲਈ ਪ੍ਰਸਿੱਧ ਗਲੀਆਂ ਅਤੇ ਬਾਰਾਂ ਵਿੱਚ ਜਾਣਗੇ। ਇਸਦੇ ਇਲਾਵਾ ਸੈਲਾਨੀਆਂ ਦੇ ਸ਼ਹਿਰ ਛੱਡਣ ਤੋਂ ਬਾਅਦ, ਸਿਟੀ ਅਧਿਕਾਰੀ ਅਤੇ ਸਿਹਤ ਵਿਭਾਗ ਕੋਵਿਡ -19 ਮਾਮਲਿਆਂ ਦੀ ਨੇੜਿਓਂ ਨਿਗਰਾਨੀ ਕਰਨ ਲਈ ਮਿਲ ਕੇ ਕੰਮ ਕਰਨਗੇ।