ਮੁੰਬਈ, 20 ਜੁਲਾਈ – ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਜ਼ਮੀਨ ਖਿਸਕਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ 75 ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਕਈ ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੀ ਇਹ ਘਟਨਾ ਬੁੱਧਵਾਰ ਦੇਰ ਰਾਤ ਕਰੀਬ 11 ਵਜੇ ਖਾਲਾਪੁਰ ਤਹਿਸੀਲ ਦੇ ਇਰਸ਼ਾਲਵਾੜੀ ਪਿੰਡ ਵਿਚ ਵਾਪਰੀ। ਇਹ ਪਿੰਡ ਮਾਥੇਰਾਨ ਅਤੇ ਪਨਵੇਲ ਦਰਮਿਆਨ ਸਥਿਤ ਇਰਸ਼ਾਲਗੜ੍ਹ ਕਿਲ੍ਹੇ ਕੋਲ ਸਥਿਤ ਹੈ। ਇਰਸ਼ਾਲਵਾੜੀ ਇਕ ਆਦਿਵਾਸੀ ਪਿੰਡ ਹੈ, ਜਿੱਥੇ ਪੱਕੀ ਸੜਕ ਨਹੀਂ ਹੈ। ਮੁੰਬਈ-ਪੁਣੇ ਰਾਜਮਾਰਗ ਤੇ ਚੌਕ ਪਿੰਡ ਇਸ ਦਾ ਨੇੜਲਾ ਸ਼ਹਿਰ ਹੈ।
ਐਨ ਡੀ ਆਰ ਐਫ ਦੀਆਂ 4 ਟੀਮਾਂ ਬਚਾਅ ਕੰਮ ਵਿਚ ਜੁੱਟੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਰਸ਼ਾਲਵਾੜੀ ਪਿੰਡ ਵਿਚ ਕਰੀਬ 50 ਮਕਾਨ ਹਨ, ਜਿਨ੍ਹਾਂ ਵਿਚ 17 ਮਕਾਨ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਦਬੇ ਗਏ ਹਨ। ਐਨ ਡੀ ਆਰ ਐਫ ਕਰਮੀਆਂ ਨੇ ਜ਼ਮੀਨ ਖਿਸਕਣ ਵਾਲੀ ਥਾਂ ਤੋਂ 5 ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਪਿੰਡ ਮੋਰਬੇ ਬੰਨ੍ਹ ਤੋਂ 6 ਕਿਲੋਮੀਟਰ ਦੂਰ ਹੈ। ਇਹ ਬੰਨ੍ਹ ਨਵੀ ਮੁੰਬਈ ਨੂੰ ਪਾਣੀ ਦੀ ਸਪਲਾਈ ਕਰਦਾ ਹੈ।
ਇਸ ਮੌਕੇ ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਉਨ੍ਹਾਂ ਨੇ ਬਚਾਅ ਕੰਮ ਵਿਚ ਲੱਗੇ ਕਰਮੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਿੰਡ ਜ਼ਮੀਨ ਖਿਸਕਣ ਦੀ ਸੰਭਾਵਿਤ ਸੂਚੀ ਵਿਚ ਨਹੀਂ ਸੀ। ਹੁਣ ਸਾਡੀ ਤਰਜੀਹ ਮਲਬੇ ਹੇਠਾਂ ਫਸੇ ਲੋਕਾਂ ਨੂੰ ਬਚਾਉਣਾ ਹੈ।