ਵੈਲਿੰਗਟਨ, 20 ਜੁਲਾਈ – ਨਿਊਜ਼ੀਲੈਂਡ ਦੇ ਉੱਤਰੀ ਟਾਪੂ ਸ਼ਹਿਰ ਆਕਲੈਂਡ ਵਿਚ ਹੋਈ ਗੋਲੀਬਾਰੀ ਵਿਚ ਇਕ ਬੰਦੂਕਧਾਰੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਜਿਹੜੇ ਜ਼ਖ਼ਮੀਆਂ ਨੂੰ ਆਕਲੈਂਡ ਹਸਪਤਾਲ ਲਿਜਾਇਆ ਗਿਆ, ਉਹਨਾਂ ਵਿਚ ਪੁਲੀਸ ਦਾ ਇੱਕ ਅਧਿਕਾਰੀ ਵੀ ਸ਼ਾਮਲ ਹੈ। ਉਸਨੇ ਮੀਡੀਆ ਨੂੰ ਦੱਸਿਆ ਕਿ ਅਧਿਕਾਰੀਆਂ ਦਾ ਮੁਲਾਂਕਣ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਨਿਊਜ਼ੀਲੈਂਡ ਦੀ ਸੁਰੱਖਿਆ ਖਤਰੇ ਦੇ ਪੱਧਰ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਪੀ.ਐਮ. ਕ੍ਰਿਸ ਨੇ ਕਿਹਾ ਕਿ ਅਪਰਾਧੀ ਪੰਪ ਐਕਸ਼ਨ ਸ਼ਾਟ ਗੰਨ ਨਾਲ ਲੈਸ ਸੀ। ਉਹ ਇੱਕ ਉਸਾਰੀ ਵਾਲੀ ਥਾਂ ਤੋਂ ਲੰਘਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਮਾਰਤ ਦੇ ਸਿਖਰ ਤੇ ਪਹੁੰਚ ਕੇ ਉਸਨੇ ਆਪਣੇ ਆਪ ਨੂੰ ਇੱਕ ਲਿਫਟ ਵਿੱਚ ਬੰਦ ਕਰ ਲਿਆ ਅਤੇ ਪੁਲੀਸ ਨਾਲ ਉਸ ਦੀ ਮੁਠਭੇੜ ਹੋਈ। ਇਸ ਮਗਰੋਂ ਗੋਲੀਆਂ ਚਲਾਈਆਂ ਗਈਆਂ ਅਤੇ ਕੁਝ ਦੇਰ ਬਾਅਦ ਉਸਨੂੰ ਲੱਭ ਲਿਆ ਗਿਆ। ਗਵਾਹਾਂ ਮੁਤਾਬਕ ਅੱਠ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਘਟਨਾ ਵਾਲੀ ਥਾਂ ਨੇੜੇ ਸੜਕਾਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।
ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਨੇ ਕਿਹਾ ਕਿ ਫੀਫਾ ਦੇ ਸਾਰੇ ਕਰਮਚਾਰੀ ਅਤੇ ਅੰਤਰਰਾਸ਼ਟਰੀ ਫੁੱਟਬਾਲ ਟੀਮਾਂ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਅੱਜ ਮਹੀਨਾ ਭਰ ਚੱਲਣ ਵਾਲੇ ਫੀਫਾ ਮਹਿਲਾ ਵਿਸ਼ਵ ਕੱਪ 2023 ਦੀ ਸ਼ੁਰੂਆਤ ਹੋਈ, ਜਿਸ ਦੀ ਸੰਯੁਕਤ ਮੇਜ਼ਬਾਨੀ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਕਰ ਰਹੇ ਹਨ। ਨਿਊਜ਼ੀਲੈਂਡ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਅੱਜ ਆਕਲੈਂਡ ਦੇ ਈਡਨ ਪਾਰਕ ਵਿੱਚ ਆਪਣੇ ਸ਼ੁਰੂਆਤੀ ਮੈਚ ਵਿੱਚ ਨਾਰਵੇ ਨਾਲ ਭਿੜੇਗੀ।