ਫ਼ਰੀਦਕੋਟ, 29 ਜੁਲਾਈ 2020 – ਹਲਕਾ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਆਈ.ਏ.ਐਸ ਦੀ ਰਹਿਨੁਮਾਈ ਹੇਠ ਫ਼ਰੀਦਕੋਟ ਸ਼ਹਿਰ ਵਿਚੋਂ ਬੇਸਹਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਲਈ ਇੰਨ੍ਹਾਂ ਜਾਨਵਰਾਂ ਨੂੰ ਫੜ੍ਹ ਕੇ ਗਊਸ਼ਾਲਾ ਗੋਲੇਵਾਲਾ ਵਿਖੇ ਭੇਜਣ ਦੀ 2 ਜੁਲਾਈ 2020 ਨੂੰ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਤੱਕ 500 ਦੇ ਕਰੀਬ ਬੇਸਹਾਰਾ ਅਤੇ ਅਵਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਗੋਲੇਵਾਲਾ ਵਿਚ ਭੇਜਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਫ਼ਰੀਦਕੋਟ ਸ਼ਹਿਰ ਵਿਚੋਂ 500 ਦੇ ਕਰੀਬ ਪਸ਼ੂਆਂ ਨੂੰ ਫੜ੍ਹਿਆ ਗਿਆ ਹੈ। ਪਸ਼ੂਆਂ ਨੂੰ ਫੜ੍ਹਣ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਪਸ਼ੂ ਪਾਲਣ ਵਿਭਾਗ ਦੇ ਡਾਕਟਰ, ਨਗਰ ਕੌਂਸਲ ਦੇ ਕਰਮਚਾਰੀ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ।
ਫੜ੍ਹੇ ਗਏ ਇੰਨ੍ਹਾਂ ਜਾਨਵਰਾਂ ਨੂੰ ਸਰਕਾਰੀ ਗਊਸ਼ਾਲਾਂ ਵਿਖੇ ਭੇਜਣ ਨਾਲ ਜਿਥੇ ਪਾਣੀ ਅਤੇ ਹਰਾ ਚਾਰਾ ਆਦਿ ਉਚਿਤ ਮਾਤਰਾ ਵਿਚ ਮਿਲੇਗਾ ਅਤੇ ਇਹਨਾਂ ਦਾ ਸਹੀ ਇਲਾਜ ਵੀ ਹੋ ਸਕੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਅਵਾਰਾ ਨਾ ਛੱਡਣ ਜਿਸ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਪਸ਼ੂ ਪਾਲਕ ਇਹਨਾਂ ਨੂੰ ਸ਼ਹਿਰ ਦੇ ਅੰਦਰ ਅਵਾਰਾ ਛੱਡਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਸਮਾਜੇਵੀ ਸੰਸਥਾਵਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਗਊਸ਼ਾਲਾ ਲਈ ਤੂੜੀ ਅਤੇ ਚਾਰੇ ਦੇ ਰੂਪ ਵਿਚ ਦਾਨ ਦੇਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਕੋਰੋਨਾ ਮਹਾਂਮਾਰੀ ਦੇ ਖਾਤਮੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮਿਸ਼ਨ ਫ਼ਤਿਹ ਮੁਹਿੰਮ ਦਾ ਹਿੱਸਾ ਬਣਨ ਅਤੇ ਸਾਵਧਾਨੀਆਂ ਵਰਤਣ ਜਿਵੇ ਕਿ ਸਮੇਂ ਸਮੇਂ ਤੇ ਹੱਥ ਧੋਣ, ਮੂੰਹ ਤੇ ਮਾਸਕ, ਸਮਾਜਿਕ ਦੂਰੀ ਬਣਾਈ ਰੱਖਣ ਆਦਿ ਲਈ ਖੁਦ ਵੀ ਜਾਗਰੂਕ ਹੋਣ ਅਤੇ ਲੋਕਾਂ ਨੂੰ ਵੀ ਜਾਗਰੂਕ ਕਰਨ ਤਾਂਕਿ ਕੋਰੋਨਾ ਮਹਾਂਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ।
ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ‘ਚ ਪਹੁੰਚਾਉਣ ਅਤੇ ਉਨ੍ਹਾਂ ਦੇ ਚਾਰੇ, ਇਲਾਜ ਆਦਿ ਦਾ ਪ੍ਰਬੰਧ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਹਿਯੋਗੀ ਸੰਸਥਾਵਾਂ ਜਿੰਨ੍ਹਾਂ ‘ਚ ਗਊਸ਼ਾਲਾ ਅਨੰਦੇਆਣਾ, ਸੀਰ ਸੁਸਾਇਟੀ, ਪਸ਼ੂ ਪਾਲਣ ਵਿਭਾਗ, ਨਗਰ ਕੌਂਸਲ, ਸਿਟੀ ਕੋਤਵਾਲੀ, ਰੋਵਿੰਗ ਐਨੀਮਲ ਸੁਸਾਇਟੀ, ਬ੍ਰਾਹਮਣ ਸਭਾ ਫ਼ਰੀਦਕੋਟ ਆਦਿ ਦੀ ਸ਼ਲਾਘਾ ਕਰਦਿਆਂ ਇਹਨਾਂ ਦਾ ਧੰਨਵਾਦ ਕੀਤਾ।
ਅੱਜ 28 ਵੇਂ ਦਿਨ ਜਾਨਵਰ ਫੜ੍ਹਣ ਮੌਕੇ ਅਸ਼ੋਕ ਸੱਚਰ, ਨੈਸ਼ਨਲ ਯੂਥ ਕੱਲਬ ਦੇ ਦਵਿੰਦਰ ਸਿੰਘ ਪੰਜਾਬ ਮੋਟਰਜ਼, ਨਵਦੀਪ ਗਰਗ, ਬਲਜੀਤ ਸ਼ਰਮਾ ਅਤੇ ਬ੍ਰਾਹਮਣ ਸਭਾ ਤੋਂ ਸ੍ਰੀ ਰਾਕੇਸ਼ ਤੋਂ ਆਦਿ ਨੇ ਦੱਸਿਆ ਕਿ ਬੇਸਹਾਰਾ ਜਾਨਵਰਾਂ ਨੂੰ ਸਵੇਰੇ 5.30 ਵਜੇ ਤੋ 7:30 ਤੱਕ ਫੜ੍ਹ ਕੇ ਸੁਰੱਖਿਅਤ ਪਹੁੰਚਾਇਆ ਜਾ ਰਿਹਾ ਹੈ।