ਐਸ ਏ ਐਸ ਨਗਰ, 18 ਜੁਲਾਈ (ਗੁਰਮੀਤ ਕੌਰ) ਸਥਾਨਕ ਸੈਕਟਰ-66 ਵਿੱਚ ਸੜਕਾਂ ਦੀ ਮਾੜੀ ਹਾਲਤ ਅਤੇ ਇਹਨਾਂ ਸੜਕਾਂ ਕਿਨਾਰੇ ਕਾਂਗਰਸ ਘਾਹ ਦੀ ਭਰਮਾਰ ਹੋਣ ਕਾਰਨ ਇੱਥੇ ਕਦੇ ਵੀ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸਦੇ ਨਾਲ ਹੀ ਬੁਰੀ ਤਰ੍ਹਾਂ ਟੁੱਟੀਆਂ ਸੜਕਾਂ ਅਤੇ ਸੜਕਾਂ ਕਿਨਾਰੇ ਪਏ ਪਾੜ ਕਾਰਨ ਵਾਹਨ ਚਾਲਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ।
ਸੈਕਟਰ 66 ਦੇ ਮੰਡੀ ਬੋਰਡ ਕੰਪਲੈਕਸ ਦੇ ਪ੍ਰਧਾਨ ਸੁਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੰਡੀ ਬੋਰਡ ਕੰਪਲੈਕਸ ਦੇ ਨਜ਼ਦੀਕ ਕਾਂਗਰਸ ਘਾਹ ਦੀ ਭਰਮਾਰ ਹੈ। ਉਹਨਾਂ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਕਾਂਗਰਸ ਘਾਹ ਲਗਾਤਾਰ ਵੱਧ ਰਹੀ ਹੈ ਸੜਕਾਂ ਦੇ ਆਲੇ ਦੁਆਲੇ 5 ਤੋਂ 6 ਫੁੱਟ ਤਕ ਉੱਚੀ ਕਾਂਗਰਸ ਘਾਹ ਦੀਆਂ ਝਾੜੀਆਂ ਕਾਰਨ ਸੜਕਾਂ ਦਾ ਹਿੱਸਾ ਇਹਨਾਂ ਝਾੜੀਆਂ ਹੇਠ ਲੁਕ ਜਾਂਦਾ ਹੈ।
ਉਹਨਾਂ ਕਿਹਾ ਕਿ ਸੈਕਟਰ 66 ਦੀਆਂ ਸੜਕਾਂ ਦੀ ਹਾਲਤ ਵੀ ਮਾੜੀ ਹੈ ਅਤੇ ਇਹ ਥਾਂ ਥਾਂ ਤੋਂ ਟੁੱਟ ਗਈਆਂ ਹਨ। ਮੰਡੀ ਬੋਰਡ ਕੰਪਲੈਕਸ ਵਾਲੇ ਪਾਸੇ ਜਾਣ ਵਾਲੀ ਸੜਕ ਦੇ ਇੱਕ ਪਾਸੇ ਪਾੜ ਪਿਆ ਹੋਇਆ ਹੈ ਜੋ ਕਿ ਝਾੜੀਆਂ ਕਰਕੇ ਦਿਖਾਈ ਨਹੀਂ ਦਿੰਦਾ ਅਤੇ ਇੱਥੇ ਹਰ ਵੇਲੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।
ਇਸੇ ਤਰ੍ਹਾਂ ਫੇਜ਼-11 ਤੋਂ ਸੈਕਟਰ-66 ਵਿੱਚ ਦਾਖਲ ਹੋਣ ਵਾਲੀ ਮੁੱਖ ਸੜਕ ਤੇ ਵੀ ਵੱਡੇ ਵੱਡੇ ਖੱਡੇ ਪਏ ਹੋਏ ਹਨ। ਟੀ ਪੁਆਇੰਟ ਹੋਣ ਕਾਰਨ ਇੱਥੇ ਮੋੜ ਦੇ ਨਾਲ ਹੀ ਸੜਕ ਖਰਾਬ ਹੋਣ ਕਾਰਨ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਇੱਥੇ ਕੁੱਝ ਦਿਨ ਪਹਿਲਾਂ ਮਿੱਟੀ ਵੀ ਪਾਈ ਗਈ ਸੀ, ਪਰ ਸੜਕ ਬਰਾਬਰ ਨਾ ਹੋਣ ਅਤੇ ਤਿੰਨ ਪਾਸਿਆਂ ਤੋਂ ਟ੍ਰੈਫਿਕ ਆਉਣ ਕਰਕੇ ਇੱਥੇ ਦੋਪਹੀਆ ਵਾਹਨਾਂ ਨੂੰ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
ਉਹਨਾਂ ਮੰਗ ਕੀਤੀ ਹੈ ਕਿ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਅਤੇ ਕਾਂਗਰਸ ਘਾਹ ਨੂੰ ਕਟਵਾ ਕੇ ਸਫਾਈ ਕਰਵਾਈ ਜਾਵੇ।