ਬਠਿੰਡਾ, 26 ਜੂਨ 2020 – ਆਮ ਆਦਮੀ ਪਾਰਟੀ ਪੰਜਾਬ ਦੇ ਪਧਾਨ ਭਗਵੰਤ ਮਾਨ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਆਰਡੀਨੈਂਸ ਸੰਘੀ ਢਾਂਚੇ ਅਤੇ ਖੇਤੀ ਲਈ ਖਤਰਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਕਿਸਾਨਾਂ ਦਾ ਹਮਾਇਤੀ ਹੋਣ ਦਾ ਦਾਅਵਾ ਕਰਦਾ ਹੈ ਪਰ ਇਸ ਵੇਲੇ ਕਿਸਾਨੀ ਖਤਰੇ ’ਚ ਹੋਣ ਦੇ ਬਾਵਜੂਦ ਦੋਗਲੀ ਨੀਤੀ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਹਮਾਇਤੀ ਹੁੰਦੇ ਤਾਂ ਹੁਣ ਤੱਕ ਹਰਸਿਮਰਤ ਕੌਰ ਨੂੰ ਅਸਤੀਫਾ ਦੇਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਰਾਜਾਂ ਦੇ ਅਧਿਕਾਰਾਂ ਦਾ ਸਭ ਤੋਂ ਵੱਡਾ ਮੁਦਈ ਅਕਾਲੀ ਦਲ ਸੀ ਪਰ ਹੁਣ ਅਧਿਕਾਰ ਖੋਹਣ ਦੇ ਮਾਮਲੇ ’ਚ ਸ਼ਾਮਲ ਹੋ ਗਿਆ ਹੈ। ਇਸ ਲਈ ਕਿਸਾਨਾਂ ਦੇ ਖਿਲਾਫ ਅਤੇ ਖੇਤੀ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰਨ ਕਰਕੇ ਪਾਰਟੀ ਵੱਲੋਂ ਸੂਬੇ ’ਚ ਸੁਖਬੀਰ ਬਾਦਲ ਦੇ ਪੁਤਲੇ ਫੂਕੇ ਜਾਣਗੇ। ਭਗਵੰਤ ਮਾਨ ਅੱਜ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪਿ੍ਰੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨਾਲ ਬਠਿੰਡਾ ’ਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਖੇਤੀ ਆਰਡੀਨੈਂਸਾਂ ਦੇ ਮਾਮਲੇ ਤੇ ਹੋਈ ਆਲ ਪਾਰਟੀ ਮੀਟਿੰਗ ਸਬੰਧੀ ਤੱਥ ਰੱਖੇ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ।
ਉਨ੍ਹਾਂ ਆਖਿਆ ਕਿ ਉਹ ਖੇਤੀ ਆਰਡੀਨੈਂਸਾਂ ਦੇ ਮਾਮਲੇ ’ਚ ਪ੍ਰਾਈਵੇਟ ਬਿੱਲ ਲਿਆਉਣਗੇ। ਜੇਕਰ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦਾ ਮੁਦਈ ਹੈ ਤਾਂ ਇਸ ਬਿੱਲ ਦੀ ਹਮਾਇਤ ਕਰਨੀ ਚਾਹਦੀ ਹੈ। ਉਨਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਆਰਡੀਨੈਂਸਾਂ ਖਿਲਾਫ ਉਸ ਤਰ੍ਹਾਂ ਮਤਾ ਪਾਸ ਕਰਨ ਦੀ ਮੰਗ ਕੀਤੀ ਜਿਸ ਤਰ੍ਹਾਂ ਪਾਣੀ ਆਦਿ ਦੇ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਨੇ ਮਤਾ ਪਾਸ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸਲ ’ਚ ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਹਿੱਤ ਪਿਆਰੇ ਨਹੀਂ ਬਲਕਿ ਉਨਾਂ ਨੂੰ ਸਿਰਫ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਪਿਆਰੀ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਬਾਦਲ ਆਰਡੀਨੈਂਸਾਂ ਦੇ ਫਾਇਦੇ ਗਿਣਾ ਰਹੇ ਸਨ ਜਦੋਂ ਕਿ ਬਾਕੀਆਂ ਨੇ ਨੁਕਸਾਨਾਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਆਖਿਆ ਕਿ ਖੇਤੀ ਨਾਲ ਸਬੰਧਤ ਮਾਮਲਿਆਂ ਨੂੰ ਲੈਕੇ ਸੰਸਦ ਬੁਲਾਉਣੀ ਚਾਹੀਦੀ ਸੀ ਪਰ ਅਜਿਹੀ ਕਿਹੜੀ ਸਮੱਸਿਆ ਸੀ ਕਿ ਤਿੰਨ ਤਿੰਨ ਆਰਡੀਨੈਂਸ ਜਾਰੀ ਕਰਨੇ ਪਏ ਹਨ। ਉਨ੍ਹਾਂ ਬਾਦਲ ਤੇ ਦੋਹਰੀ ਨੀਤੀ ਅਪਨਾਉਣ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਜਦੋਂ ਇਹ ਆਰਡੀਨੈਂਸ ਲਿਆਂਦੇ ਤਾਂ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਚਾਹਦਾ ਸੀ।
ਉਨ੍ਹਾਂ ਕਿਹਾ ਕਿ ਬਾਦਲ ਪ੍ਰੀਵਾਰ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ ਪਰ ਸਿਰਫ ਕੁਰਸੀ ਲਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦੀ ਹੋਂਦ ਨੂੰ ਖਤਰਾ ਕਰਾਰ ਦੇਣ ਵਾਲੇ ਆਰਡੀਨੈਂਸਾਂ ਨਾਲ ਕਿਸਾਨਾਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਾਉਣ ਲਈ ਆਮ ਆਦਮੀ ਪਾਰਟੀ ਨੇ ਸੜਕਾਂ ਤੇ ਜਾਣ ਦਾ ਫੈਸਲਾ ਲਿਆ ਹੈ। ਮਾਨ ਨੇ ਕਿਹਾ ਕਿ ਪੁਤਲੇ ਸਾੜੋ ਮੁਹਿੰਮ ਦੌਰਾਨ ਕੇਂਦਰ ਸਰਕਾਰ ਦੇ ਇਸ ਕਿਸਾਨ ਵਿਰੋਧੀ ਫੈਸਲੇ ਤੋਂ ਲੋਕਾਂ ਨੂੰ ਜਾਣੂ ਕਰਾਇਆ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਭਾਈਵਾਲ ਵਜੋਂ ਬੇਪਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਆਰਡੀਨੈਂਸ ਰੱਦ ਨਾਂ ਕੀਤੇ ਗਏ ਤਾਂ ਕਿਸਾਨ ਧਨਾਂਢ ਕੰਪਨੀਆਂ ਦੇ ਰਹਿਮੋ ਕਰਮ ਤੇ ਰਹਿ ਜਾਣਗੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੇ ਉੱਤਰਖੰਡ ਵਿਚਲੇ ਕਿਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਐਲਾਨ ਕੀਤਾ ਕਿ ਇਸ ਮਸਲੇ ਨੂੰ ਮਾਨ ਸੰਸਦ ’ਚ ਅਤੇ ਪਾਰਟੀ ਵਿਧਾਇਕਾਂ ਵੱਲੋਂ ਵਿਧਾਨ ਸਭਾ ’ਚ ਉਠਾਇਆ ਜਾਏਗਾ। ਇਸ ਮੌਕੇ ਆਪ ਪੰਜਾਬ ਦੇ ਬੁਲਾਰੇ ਨੀਲ ਗਰਗ, ਅੰਮਿਤ ਲਾਲ ਅਗਰਵਾਲ ਅਤੇ ਜਿਲਾ ਪ੍ਰਧਾਨ ਨਵਦੀਪ ਜੀਦਾ ਆਦ ਆਗੂ ਹਾਜਰ ਸਨ।