ਔਕਲੈਂਡ, 13 ਜੁਲਾਈ, 2023:-ਕਹਿੰਦੇ ਨੇ ਜੇਕਰ ਖੇਡਣ ਅਤੇ ਖਿਡਾਉਣ ਦੀ ਭਾਵਨਾ ਵਧੀਆ ਹੋਵੇ ਤਾਂ ਖੇਡਾਂ ਦਾ ਮਿਆਰ ਅੰਤਰਰਾਸ਼ਟਰੀ ਹੋਣ ਤੋਂ ਵੀ ਅੱਗੇ ਵਧ ਜਾਂਦਾ ਹੈ। ਨਿਊਜ਼ੀਲੈਂਡ ਦੇ ਵਿਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਜਿੱਥੇ ਖੇਡ ਕਲੱਬਾਂ ਦਾ ਵੱਡਾ ਯੋਗਦਾਨ ਹੈ ਉਥੇ ਇਨ੍ਹਾਂ ਨੂੰ ਇਕ ਮਾਲਾ ਵਿਚ ਪਰੋਈ ਰੱਖਣਾ ਅਤੇ ਖੇਡ ਨਿਯਮਾਵਲੀ ਅਧੀਨ ਕਬੱਡੀ ਟੂਰਨਾਮੈਂਟ ਕਰਵਾ ਕੇ ਬਰਾਬਰਤਾ ਕਾਇਮ ਰੱਖਣੀ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੇ ਹਿੱਸੇ ਕਈ ਸਾਲਾਂ ਤੋਂ ਆ ਰਿਹਾ ਹੈ। ਅੱਜ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੇ ਸਲਾਨਾ ਇਜਲਾਸ ਦੇ ਵਿਚ ਸਰਬ ਸੰਮਤੀ ਦੇ ਨਾਲ ਸ. ਤੀਰਥ ਸਿੰਘ ਅਟਵਾਲ ਨੂੰ ਸਾਲ 2023-24 ਦੇ ਲਈ ਸਰਬ ਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ।
ਉਪ ਪ੍ਰਧਾਨ ਸ. ਜਗਦੇਵ ਸਿੰਘ ਜੱਗੀ ਰਾਮੂਵਾਲੀਆਂ ਨੂੰ ਚੁਣਿਆ ਗਿਆ। ਚੇਅਰਮੈਨ ਦੀ ਸੇਵਾ ਬਿੱਲਾ ਦੁਸਾਂਝ ਨੂੰ ਸੌਂਪੀ ਗਈ। ਬਾਕੀ ਹੋਰ ਨਿਯੁਕਤੀਆਂ ਕਰਦਿਆਂ ਸਕੱਤਰ ਸ. ਵਰਿੰਦਰ ਸਿੱਧੂ, ਸਹਾਇਕ ਸਕੱਤਰ ਸ. ਅਵਤਾਰ ਸਿੰਘ ਤਾਰੀ, ਮੀਡੀਆ ਤਾਲਮੇਲ ਸ. ਹਰਪ੍ਰੀਤ ਸਿੰਘ ਰਾਏਸਰ ਬਣਾਏ ਗਏ, ਫੈਡਰੇਸ਼ਨ ਬੁਲਾਰੇ ਦੀ ਸੇਵਾ ਰਾਣਾ ਹਰਸਿਮਰਤਜੀਤ ਪਾਲ ਸਿੰਘ (ਹੈਰੀ ਰਾਣਾ) ਨੂੰ ਸੌਂਪੀ ਗਈ। ਕਾਰਜਕਾਰੀ ਮੈਂਬਰਾਂ ਵਿਚ ਪਿ੍ਰਥਪਾਲ ਗਰੇਵਾਲ, ਤਲਵਿੰਦਰ ਸੋਹਲ, ਹੈਪੀ ਹੀਰਾ, ਲੱਖਾ ਧਾਲੀਵਾਲ. ਸਤਨਾਮ ਸਿੰਘ ਕਾਲਾ ਸ਼ਾਮਿਲ ਹਨ।
ਵਰਨਣਯੋਗ ਹੈ ਕਿ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਵੱਲੋਂ ਨਿਊਜ਼ੀਲੈਂਡ ਦੇ ਹਰ ਪ੍ਰਮੁੱਖ ਸ਼ਹਿਰ ’ਚ ਕਬੱਡੀ ਮੈਚ ਕਰਵਾਏ ਜਾ ਚੁੱਕੇ ਹਨ ਅਤੇ ਇਕ ਅੰਦਾਜ਼ੇ ਮੁਤਾਬਿਕ 50 ਦੇ ਕਰੀਬ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਸ਼ੁਰੂਆਤ ਤੋਂ ਲੈ ਕੇ ਇਸ ਵਾਰ 25 ਤੇ 26 ਨਵੰਬਰ ਨੂੰ ਹੋ ਰਹੀਆਂ ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਵੀ ਅਹਿਮ ਯੋਗਦਾਨ ਰਹੇਗਾ।