ਐਸ ਏ ਐਸ ਨਗਰ, 14 ਜੁਲਾਈ – ਬੀਤੀ ਦੇਰ ਰਾਤ ਨੂੰ ਡੇਢ ਵਜੇ ਦੇ ਕਰੀਬ ਸੋਹਾਣਾ ਦੀ ਅਕਾਲ ਆਸ਼ਰਮ ਕਾਲੋਨੀ ਵਿੱਚ ਮੋਟਰ ਸਾਈਕਲਾਂ ਤੇ ਆਏ ਚਾਰ ਨੌਜਵਾਨਾਂ ਵਲੋਂ ਆਪਣੇ ਘਰ ਵਿੱਚ ਸੁੱਤੇ ਪਏ ਦੋ ਭਰਾਵਾਂ ਚੰਦਨ ਅਤੇ ਸੂਰਜ ਨੂੰ ਬਾਹਰ ਬੁਲਾ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ। ਇਸ ਵਾਰਦਾਤ ਵਿੱਚ ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗੀ ਹੈ ਜਦੋਂਕਿ ਦੂਜੇ ਦੀ ਗਰਦਨ ਵਿੱਚ ਗੋਲੀ ਵੱਜੀ ਹੈ। ਇਹਨਾਂ ਦੋਵਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲੇਜ ਅਤੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਇਸ ਦੌਰਾਨ ਬਦਮਾਸ਼ਾਂ ਵਲੋਂ ਕੁਲ ਚਾਰ ਫਾਇਰ ਕੀਤੇ ਗਏ ਦੱਸੇ ਜਾਂਦੇ ਹਨ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੀ ਦੇਰ ਰਾਤ (ਡੇਢ ਵਜੇ ਦੇ ਕਰੀਬ) ਚਾਰ ਨੌਜਵਾਨ ਸੋਹਾਣਾ ਦੀ ਅਕਾਲ ਆਸ਼ਰਮ ਕਾਲੋਨੀ ਵਿੱਚ ਰਹਿੰਦੇ ਸੂਰਜ ਅਤੇ ਚੰਦਨ ਦੇ ਘਰ ਆਏ ਸਨ ਜਿੱਥੇ ਇਹਨਾਂ ਵਲੋਂ ਦਰਵਾਜਾ ਖੜਕਾ ਕੇ ਉਹਨਾਂ ਨੂੰ ਬਾਹਰ ਸੱਦਿਆ ਗਿਆ। ਉਹਨਾਂ ਦੱਸਿਆ ਕਿ ਇਹ ਸਾਰੇ ਪਹਿਲਾਂ ਥੋੜ੍ਹੀ ਦੇਰ ਤਕ ਗੱਲ ਕਰਦੇ ਰਹੇ ਅਤੇ ਫਿਰ ਹਮਾਲਵਰਾਂ ਵਲੋਂ ਅਚਾਨਕ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਗਈ ਜਿਹੜੀ ਇੱਕ ਮੁੰਡੇ ਦੀ ਲੱਤ ਵਿੱਚ ਲੱਗੀ। ਇਸ ਦੌਰਾਨ ਦੂਜੇ ਭਰਾ ਨੇ ਹਮਲਾਵਰ ਨੂੰ ਜੱਫਾ ਮਾਰ ਕੇ ਫੜਣ ਦੀ ਕੋਸ਼ਿਸ਼ ਕੀਤੀ ਜਿਸਤੇ ਹਮਲਾਵਰ ਵਲੋਂ ਉਸਦੀ ਗਰਦਨ ਵਿੱਚ ਗੋਲੀ ਮਾਰ ਦਿੱਤੀ ਗਈ।
ਉਹਨਾਂ ਦੱਸਿਆ ਕਿ ਗੋਲੀ ਚਲਾਉਣ ਤੋਂ ਬਾਅਦ ਹਮਲਾਵਰ ਆਪਣੇ ਮੋਟਰਸਾਈਕਲਾਂ ਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪਰਿਵਾਰ ਵਾਲਿਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਜਿਸਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਟੀਮ ਵਲੋਂ ਦੋਵਾਂ ਭਰਾਵਾਂ ਨੂੰ ਸੋਹਾਣਾ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਜਿੱਥੇ ਇਹਨਾਂ ਦੀ ਹਾਲਤ ਗੰਭੀਰ ਹੋਣ ਤੇ ਇਹਨਾਂ ਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲੇਜ ਹਸਪਤਾਲ ਸੈਕਟਰ 32 ਭੇਜ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਇਹ ਮਾਮਲਾ ਇਹਨਾਂ ਦੀ ਨਿਜੀ ਰੰਜਿਸ਼ ਦਾ ਲੱਗਦਾ ਹੈ ਅਤੇ ਪੁਲੀਸ ਨੇ ਹਮਲਾਵਰ ਲੋਕੇਸ਼ ਅਤੇ ਉਸ ਦੇ ਸਾਥੀਆਂ ਦੀ ਪਹਿਚਾਣ ਕਰ ਲਈ ਹੈ ਅਤੇ ਇਹਨਾਂ ਸਾਰਿਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲੀਸ ਵਲੋਂ ਇਸ ਮਾਮਲੇ ਵਿੱਚ ਆਈ ਪੀ ਸੀ ਦੀ ਧਾਰਾ 307, 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।