ਐਸ.ਏ.ਐਸ.ਨਗਰ, 08 ਜੁਲਾਈ, 2023: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਕਿਸੇ ਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ, ਜ਼ਿਲ੍ਹਾ ਪ੍ਰਸ਼ਾਸਨ ਸ਼ਨੀਵਾਰ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਪੂਰੀ ਤਰ੍ਹਾਂ ਮੁਸਤੈਦ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਉਪ ਮੰਡਲ (ਸਬ ਡਵੀਜ਼ਨ) ਪ੍ਰਸ਼ਾਸਨਿਕ ਟੀਮਾਂ ਨੇ ਸਵੇਰ ਤੋਂ ਹੀ ਬਾਰਿਸ਼ ਸ਼ੁਰੂ ਹੋਣ ਦੇ ਮੱਦੇਨਜ਼ਰ ਚੌਕਸ ਕਰ ਦਿੱਤਾ ਗਿਆ ਸੀ।
ਏ.ਡੀ.ਸੀ (ਯੂ.ਡੀ.) ਦਮਨਦੀਪ ਸਿੰਘ ਮਾਨ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਤਿਆਰੀਆਂ ‘ਤੇ ਨੇੜਿਓਂ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਸੀ, ਜਦਕਿ ਏ.ਡੀ.ਸੀ. (ਜਨਰਲ) ਪਰਮਦੀਪ ਸਿੰਘ ਅਤੇ ਡੀ.ਆਰ.ਓ ਗੁਰਜਿੰਦਰ ਸਿੰਘ ਬੈਨੀਪਾਲ ਨੂੰ ਪਾਣੀ ਦੇ ਸਰੋਤਾਂ ਅਤੇ ਵਹਾਅ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਸੀ।
ਤਿੰਨੋਂ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਪਾਣੀ ਦੇ ਵਹਾਅ ਦੀ ਚੈਕਿੰਗ ਕਰਦੇ ਰਹਿਣ ਅਤੇ ਸ਼ਹਿਰੀ ਖੇਤਰਾਂ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਕਰਨ ਲਈ ਆਪਣੀਆਂ ਟੀਮਾਂ ਨੂੰ ਤਿਆਰ ਰੱਖਣ
ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਮੀਂਹ ਦੇ ਪਾਣੀ ਵਿੱਚ ਡੁੱਬੇ ਡੇਰਾਬੱਸੀ ਵਿਖੇ ਰੇਲਵੇ ਅੰਡਰਪਾਸ ਮੁਬਾਰਕਪੁਰ ਅਤੇ ਜਨੇਤਪੁਰ ਵਿਖੇ ਇੱਕ-ਇੱਕ ਫਾਇਰ ਬ੍ਰਿਗੇਡ ਤਾਇਨਾਤ ਕਰਕੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਦੋਵੇਂ ਅੰਡਰਪਾਥਾਂ ਨੂੰ ਚਾਲੂ ਰੱਖਣ ਲਈ ਮੀਂਹ ਦਾ ਪਾਣੀ ਪੰਪਾਂ ਰਾਹੀਂ ਬਾਹਰ ਕੱਢਿਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਜ਼ੀਰਕਪੁਰ ਵਿੱਚ ਜੇ.ਸੀ.ਬੀ., ਟਰੈਕਟਰ ਟਰਾਲੀਆਂ, ਮੱਡ ਪੰਪ, ਪਾਣੀ ਖਿੱਚਣ ਵਾਲੇ ਟੈਂਕਰ, ਸਟੀਲ ਦੇ ਪੀਣ ਵਾਲੇ ਪਾਣੀ ਦੇ ਟੈਂਕਰ ਅਤੇ ਜੈਟਿੰਗ ਮਸ਼ੀਨਾਂ ਐਮਰਜੈਂਸੀ ਸੇਵਾਵਾਂ ਵਿੱਚ ਰਾਹਤ ਪਹੁੰਚਾਉਣ ਲਈ ਉਪਲਬਧ ਰੱਖੀਆਂ ਗਈਆਂ।
ਡਿਪਟੀ ਕਮਿਸ਼ਨਰ ਅਨੁਸਾਰ ਖਰੜ ਵਿੱਚ, ਲਾਂਡਰਾ ਰੋਡ ‘ਤੇ ਇੱਕ ਇਮਾਰਤ ਨੂੰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਲੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਸ਼ਹਿਰ ਦੀਆਂ ਸੜਕਾਂ ਤੋਂ ਬਾਰਸ਼ੀ ਪਾਣੀ ਦੀ ਨਿਕਾਸੀ ਲਈ ਛੇ ਟਰੈਕਟਰਾਂ ਸਮੇਤ 12 ਪੰਪਾਂ ਨੂੰ ਲਗਾਇਆ ਗਿਆ ਹੈ।
ਜੈਨ ਨੇ ਇਹ ਵੀ ਕਿਹਾ ਕਿ ਪਿੰਡ ਟਿਵਾਣਾ ਵਿਖੇ ਘੱਗਰ ਦੇ ਨਾਜ਼ੁਕ ਪੁਆਇੰਟ ਜਿੱਥੇ ਇਹ ਤਿੱਖਾ ਮੋੜ ਲੈਂਦਾ ਹੈ, ਦੀ ਵੀ ਡਰੇਨੇਜ, ਮਾਲ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋੜੀਂਦੀ ਮਾਤਰਾ ਵਿੱਚ ਰੇਤ ਦੀਆਂ ਬੋਰੀਆਂ ਤਿਆਰ ਰੱਖ ਕੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨੂੰ ਤੁਰੰਤ ਨਜਿੱਠਿਆ ਜਾ ਸਕੇ।