ਸ੍ਰੀ ਅਨੰਦਪੁਰ ਸਾਹਿਬ 06 ਜੁਲਾਈ ,2023 – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਨਿਪਟਾਰਾ ਉਨ੍ਹਾਂ ਦੇ ਘਰਾਂ ਦੇ ਨੇੜੇ ਜਾ ਕੇ ਹੱਲ ਕਰਨ ਲਈ ਵਚਨਬੱਧ ਹੈ। ਸੂਬਾ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਰਹਿ ਰਹੇ ਆਮ ਲੋਕਾਂ ਦੀਆਂ ਨਿੱਜੀ ਅਤੇ ਸਾਂਝੀਆਂ ਸਮੱਸਿਆਵਾਂ ਦਾ ਹੱਲ ਜਨ ਸੁਣਾਵੀ ਕੈਂਪ ਲਗਾ ਕੇ ਕੀਤਾ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਫ਼ੀਲਡ ਅਫਸਰ ਅਨਮਜੋਤ ਕੌਰ ਵੱਲੋਂ ਪਿੰਡ ਘਨਾਰੂ ਵਿਖੇ ਲਗਾਏ ਗਏ ਜਨ ਸੁਣਾਵੀ ਕੈਂਪ ਦੌਰਾਨ ਪਿੰਡ ਘਨਾਰੂ, ਮਹਿਰੋਲੀ ਤੇ ਮਥਰਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਅਨਮਜੋਤ ਕੌਰ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲਕਦਮੀ ਨਾਲ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਉਦੇਸ਼ ਨਾਲ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਵੱਖ-ਵੱਖ ਪਿੰਡਾਂ ਵਿਚ ਜਨ ਸੁਣਾਵੀ ਕੈਂਪ ਲਗਾ ਕੇ ਲੋਕਾਂ ਨੂੰ ਉਨ੍ਹਾਂ ਦੇ ਕੰਮ ਸੌਖਾਲੇ ਤਰੀਕੇ ਨਾਲ ਕਰਵਾਉਣ ਦੀ ਸੁਵਿਧਾ ਜਾਰੀ ਰੱਖੀ ਜਾਵੇਗੀ।
ਇਸ ਕੈਂਪ ਦੌਰਾਨ ਪਿੰਡ ਘਨਾਰੂ ਤੋਂ ਸਰਪੰਚ ਰੇਨੂੰਕਾ ਨੇ ਆਪਣੇ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਪਾਣੀ ਦੀ ਟੈਂਕੀ ਲਗਾਉਣ, ਪਿੰਡ ਨੂੰ ਆਉਣ ਵਾਲੀ ਸੜਕ ਦੀ ਮੁਰੰਮਤ ਅਤੇ ਪਿੰਡ ਵਿੱਚ ਜ਼ਿੰਮ ਬਣਾਉਣ ਲਈ ਅਪੀਲ ਕੀਤੀ ਗਈ। ਇਸੇ ਤਰ੍ਹਾਂ ਪਿੰਡ ਮਹਿਰੋਲੀ ਤੋਂ ਸਰਪੰਚ ਕੁਲਦੀਪ ਕੌਰ ਨੇ ਪਿੰਡ ਦੇ ਆਂਗਨਵਾੜੀ ਸੈਂਟਰ ਦਾ ਕਮਰਾ ਬਣਾਉਣ ਅਤੇ ਪਿੰਡ ਦੇ ਨੌਜ਼ਵਾਨਾਂ ਲਈ ਜ਼ਿੰਮ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅੱਗੇ ਅਪੀਲ ਕੀਤੀ ਗਈ।
ਇਸ ਕੈਂਪ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਦਰਖ਼ਾਸਤਾਂ ਮੌਕੇ ’ਤੇ ਹਾਜ਼ਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਸੌਂਪੀਆਂ ਗਈਆਂ ਹਨ।
ਇਸ ਮੌਕੇ ਵੱਖ-ਵੱਖ ਵਿਭਾਗਾਂ ਜਿਵੇਂ ਰੋਜ਼ਗਾਰ ਵਿਭਾਗ, ਖੇਤੀਬਾੜੀ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ, ਜਲ ਸਪਲਾਈ ਵਿਭਾਗ, ਹੁਨਰ ਵਿਕਾਸ ਮਿਸ਼ਨ, ਬਾਲ ਸੁਰੱਖਿਆ ਵਿਭਾਗ, ਸਖੀ ਵਨ ਸਟਾਪ ਸੈਂਟਰ, ਬਾਗਬਾਨੀ ਵਿਭਾਗ, ਡੇਅਰੀ ਵਿਕਾਸ, ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਅਤੇ ਹੋਰਨਾਂ ਵਿਭਾਗਾਂ ਵੱਲੋਂ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਗਿਆ।