ਔਕਲੈਂਡ, 6 ਜੁਲਾਈ, 2023:-ਔਕਲੈਂਡ ਤੋਂ ਲਗਪਗ 200 ਕਿਲੋਮੀਟਰ ਦੂਰ ਵਸੇ ਇਕ ਨਗਰ ਕੇਹੂ ਵਿਖੇ ਇਕ ਸਰਦਾਰ ਪਰਿਵਾਰ ਦਾ ‘ਕੇਹੂ ਗੈਸ ਸਰਵਿਸ ਸਟੇਸ਼ਨ’ ਅਤੇ ਨਾਲ ਲਗਦਾ ਘਰ ਰਾਤ ਵੇਲੇ ਅਚਾਨਕ ਲੱਗੀ ਅੱਗ ਨਾਲ ਸੜ ਕੇ ਸਵਾਹ ਹੋ ਗਿਆ। ਤਿੰਨ ਛੋਟੇ ਬੱਚਿਆਂ ਨਾਲ ਇਹ ਜੋੜਾ ਆਪਣਾ ਕਾਰੋਬਾਰ ਚਲਾਉਂਦਾ ਸੀ। ਇਸ ਘਟਨਾ ਦੇ ਬਾਅਦ ਇਹ ਬੇਘਰ ਹੋ ਕੇ ਰਹਿ ਗਏ।
ਇਸੇ ਗੈਸ ਸਟੇਸ਼ਨ ਅਤੇ ਸਟੋਰ ਦਾ ਆਲੇ ਦੁਆਲੇ ਦੇ ਲੋਕਾਂ ਨੂੰ ਵੱਡਾ ਸਹਾਰਾ ਵੀ ਸੀ। ਇਹ ਬਿਜ਼ਨਸ ਸੁਖਮੀਤ ਸਿੰਘ (ਮੂਲ ਰੂਪ ਵਿਚ ਦਿੱਲੀ ਅਤੇ ਜਲੰਧਰ ਨਾਲ ਸਬੰਧਿਤ) ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਹੋਰਾਂ ਦਾ ਸੀ। ਇਨ੍ਹਾਂ ਦੇ ਤਿੰਨ ਬੱਚੇ 6 ਸਾਲ, 4 ਸਾਲ ਅਤੇ ਡੇਢ ਸਾਲ ਹਨ। ਇਸ ਵੇਲੇ ਇਨ੍ਹਾਂ ਦਾ ਜਿੱਥੇ ਬਿਜ਼ਨਸ ਖਤਮ ਹੈ ਉਥੇ ਘਰ ਵੀ ਤਬਾਹ ਹੋ ਗਿਆ ਹੈ। ਸੁਖਮੀਤ ਸਿੰਘ ਮੰਗਲਵਾਰ ਰਾਤ ਧੂੰਆ ਵੇਖ ਕੇ ਸਹਾਇਤਾ ਲਈ ਸਾਰੇ ਉਪਾਅ ਕੀਤੇ। ਫੋਨ ਵੀ ਸੜ ਗਏ। ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਮੰਗਵਾਰ ਰਾਤ ਉਹ ਆਪਣੇ ਬੱਚਿਆਂ ਨੂੰ ਰਾਤ ਦਾ ਖਾਣਾ ਪਰੋਸ ਹੀ ਰਹੀ ਸੀ ਕਿ, ਇਕ ਦਮ ਘਰ ਦੀ ਬੱਤੀ ਚਲੇ ਗਈ। ਉਹ ਬਾਹਰ ਆਏ, ਗੈਸ ਸਟੇਸ਼ਨ ਵਾਲੇ ਪਾਸੇ ਵੇਖਿਆ ਤਾਂ ਧੂੰਆ ਅਤੇ ਅੱਗ ਦਾ ਪਤਾ ਲੱਗਾ। ਐਨੇ ਨੂੰ ਸਥਾਨਿਕ ਇਕ ਪਰਿਵਾਰ ਜ਼ਿੱਮ ਅਤੇ ਸੂਈ ਰਾਵੀਤੀ ਵੀ ਪਹੁੰਚੇ ਸਨ ਉਨ੍ਹਾਂ ਨੂੰ ਇਸ ਲੱਗੀ ਅੱਗ ਦਾ ਪਤਾ ਉਸਦੇ ਪੁੱਤਰ ਤੋਂ ਲੱਗਿਆ ਸੀ, ਕਿਉਂਕਿ ਉਹ ਵਲੰਟੀਅਰ ਫਾਇਰ ਫਾਈਟਰ ਹੈ। ਬਹੁਤ ਸਾਰੇ ਲੋਕ ਸਹਾਇਤਾ ਵਾਸਤੇ ਆਏ, ਗੈਸ ਸਿਲੰਡਰ ਪਾਸੇ ਕਰਨ ਲੱਗੇ। ਪਰਿਵਾਰ ਦਾ ਸਰੀਰਕ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ, ਪਰ ਬਿਜ਼ਨਸ ਅਤੇ ਘਰ ਸਭ ਕੁਝ ਸੜ ਗਿਆ। ਇਹ ਬਿਜ਼ਨਸ ਚਾਰ ਕੁ ਸਾਲ ਪਹਿਲਾਂ ਉਨ੍ਹਾਂ ਲਿਆ ਸੀ। ਮਨਜੀਤ ਕੌਰ ਦੀ ਪੜ੍ਹਾਈ ਦੇ ਕੁਝ ਸਰਟੀਫਿਕੇਟ ਵੀ ਸੜ ਗਏ, ਉਹ ਪੀ. ਐਚ. ਡੀ. ਕਰ ਰਹੀ ਸੀ ਤੇ ਸਾਫਟਵੇਅਰ ਇੰਜੀਨੀਅਰ ਸੀ। ਅੱਗ ਲੱਗਣ ਦੇ ਕਾਰਨ ਦਾ ਅਜੇ ਪੱਕਾ ਪਤਾ ਨਹੀਂ ਲੱਗਾ। ਗੈਸ ਸਟੇਸ਼ਨ ਦੀ ਬਿਲਡਿੰਗ ਬਹੁਤ ਪੁਰਾਣੀ ਸੀ। ਇਸ ਇਲਾਕੇ ਦੇ ਵਿਚ ਵਿਰਲੇ-ਵਿਰਲੇ ਭਾਰਤੀ ਲੋਕ ਰਹਿੰਦੇ ਹਨ। ਸਥਾਨਿਕ ਲੋਕਾਂ ਅਤੇ ਉਥੋਂ ਦੇ ਪੰਜਾਬੀ ਕੌਂਸਲਰ ਐਸ਼ ਨਈਅਰ ਜਲੰਧਰ ਨੇ ਖੁਦ ਜਾ ਕੇ ਵੱਡਾ ਸਹਿਯੋਗ ਦਿੱਤਾ। ਸੁਖਮੀਤ ਸਿੰਘ ਹੋਰਾਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੈਸ ਸਟੇਸ਼ਨ ਅਤੇ ਘਰ ਸੜ ਕੇ ਹੋ ਸੁਆਹ ਹੋ ਗਿਆ ਹੈ। ਘਟਨਾ ਵੇਲੇ ਰਾਤ ਦਾ ਖਾਣਾ ਪਲੇਟਾਂ ਵਿਚ ਪਾਇਆ ਰਹਿ ਗਿਆ, ਨੰਗੇ ਪੈਰੀਂ ਬਾਹਰ ਨਿਕਲਣਾ ਪਿਆ, ਇਕ ਦਿਆਲੂ ਸਥਾਨਿਕ ਜੋੜੇ ਜ਼ਿੱਮ ਤੇ ਸੂਈ ਨੇ ਰਾਤ ਦੀ ਪਨਾਹ ਦਿੱਤੀ। ਸਥਾਨਿਕ ਕੌਂਸਲਰ ਐਸ਼ ਨਈਅਰ ਨਾਲ ਵੀ ਇਸ ਪੱਤਰਕਾਰ ਨੇ ਗੱਲ ਕੀਤੀ। ਸਰਦਾਰ ਸਾਹਿਬ ਨੇ ਦੱਸਿਆ ਕਿ ਉਹ ਗੈਸ ਸਟੇਸ਼ਨ ਸ਼ਾਮ 6 ਕੁ ਵਜੇ ਬੰਦ ਕਰ ਦਿੰਦੇ ਹਨ। ਗੈਸ ਸਟੇਸ਼ਨ ਦੇ ਨਾਲ ਹੀ ਘਰ ਹੈ। ਰਾਤ 8 ਵਜੇ ਦੇ ਕਰੀਬ ਅੱਗ ਲੱਗਣ ਬਾਰੇ ਇਕਦਮ ਪਤਾ ਲੱਗਾ। ਲਗਦਾ ਹੈ ਕਿ ਕਿਸੇ ਫ੍ਰੀਜ਼ਰ ਦੇ ਰਾਹੀਂ ਇਹ ਅੱਗ ਦੀ ਘਟਨਾ ਵਾਪਰੀ ਹੈ। ਸਭ ਤੋਂ ਪਹਿਲਾਂ ਉਨ੍ਹਾਂ ਇਹ ਕੰਮ ਕੀਤਾ ਕਿ ਬੱਚਿਆਂ ਨੂੰ ਬਾਹਰ ਕੱਢਿਆ। ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਰ ਬਿ੍ਰਗੇਡ ਦੂਰ ਹੋਣ ਕਰਕੇ ਕੁਝ ਸਮਾਂ ਵੀ ਲੱਗਾ। ਛੋਟੇ ਬੱਚਿਆਂ ਨੂੰ ਇਕ ਸਥਾਨਿਕ ਪਰਿਵਾਰ ਆਪਣੇ ਘਰ ਲੈ ਗਿਆ ਅਤੇ ਰਾਤ ਠਹਿਰਨ ਵਾਸਤੇ ਥਾਂ ਦਿੱਤਾ।