ਐਸ ਏ ਐਸ ਨਗਰ, 30 ਜੂਨ – ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਗਿੰਨੀ ਦੁੱਗਲ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੇ ਤਿੰਨ ਜੁਲਾਈ ਤੋਂ ਸਮਰ ਕੈਂਪ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਿੰਨ ਜੁਲਾਈ ਤੋਂ ਪੰਦਰਾਂ ਜੁਲਾਈ ਤੱਕ ‘ਸਮਰ ਕੈਂਪ’ ਲਗਾਏ ਜਾਣਗੇ।
ਇਹ ਸਮਰ ਕੈਂਪ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ਾਸ ਤੌਰ ਤੇ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਸਵੇਰੇ 8 ਤੋਂ 11.30 ਵਜੇ ਤੱਕ ਹੋਣਗੇ ਜਿਸ ਵਿੱਚ ਵਿਦਿਆਰਥੀਆਂ ਨੂੰ ਰੋਜ਼ਾਨਾ ਗਤੀਵਿਧੀਆਂ ਤੇ ਅਧਾਰਿਤ ਸਿੱਖਿਆ ਦਿੱਤੀ ਜਾਵੇਗੀ।
ਜ਼ਿਲ੍ਹੇ ਦੇ ਬਲਾਕ ਨੋਡਲ ਅਫਸਰਾਂ, ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਨਾਲ ਆਨਲਾਈਨ ਮੀਟਿੰਗ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸਰਕਾਰੀ ਸਕੂਲ ਵਿੱਚ ਸਮਰ ਕੈਂਪ ਦੀਆਂ ਤਿਆਰੀਆਂ ਬਾਰੇ ਯੋਜਨਾਵਾਂ ਬਣਾਉਣ ਅਤੇ ਮਾਪਿਆਂ ਤੱਕ ਸਮਰ ਕੈਂਪ ਦਾ ਸੱਦਾ ਪਹੁੰਚਾ ਕੇ ਸਮਰ ਕੈਂਪ ਵਿੱਚ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ।
ਇਸ ਮੌਕੇ ਡਿਪਟੀ ਡੀ.ਈ.ਓ ਸੈਕੰਡਰੀ ਅੰਗਰੇਜ਼ ਸਿੰਘ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਹਾਜਿਰ ਬਲਾਕ ਨੋਡਲ ਅਫ਼ਸਰਾਂ ਵਿੱਚ ਪ੍ਰਿੰਸੀਪਲ ਹਰਿੰਦਰ ਕੌਰ, ਸੁਹਿੰਦਰ ਕੌਰ, ਬੰਦਨਾ ਪੁਰੀ, ਮੁਹੰਮਦ ਸ਼ਰੀਫ, ਸੰਤੋਸ਼ ਗੱਖੜ, ਨਵਜੋਤ ਕੌਰ, ਬਲਵਿੰਦਰ ਸਿੰਘ, ਗੁਰਵਿੰਦਰ ਕੌਰ ਅਤੇ ਸੰਜੀਵ ਕੁਮਾਰ ਸਮੇਤ ਸਮੂਹ ਪ੍ਰਿੰਸੀਪਲ ਅਤੇ ਸਕੂਲ ਮੁਖੀ ਹਾਜਿਰ ਸਨ।