ਐਸ.ਏ.ਐਸ ਨਗਰ, 30 ਜੂਨ – ਬਰਸਾਤ ਦੇ ਮੌਸਮ ਵਿੱਚ ਜਿਥੇ ਮੁਹਾਲੀ ਸ਼ਹਿਰ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨ ਹੈ, ਉਥੇ ਦੂਜੇ ਪਾਸੇ ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਜਿਸ ਕਾਰਨ ਸ਼ਹਿਰ ਦੀ ਸੁੰਦਰਤਾ ਤੇ ਤਾਂ ਅਸਰ ਪੈ ਹੀ ਰਿਹਾ ਹੈ, ਇਹਨਾਂ ਕਾਰਨ ਹੋਰ ਸਮੱਸਿਆਵਾਂ ਵੀ ਆ ਰਹੀਆਂ ਹਨ।
ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਕਾਰਨ ਬੱਚਿਆਂ ਅਤੇ ਬਜੁਰਗਾਂ ਨੂੰ ਸੜਕਾਂ ਤੇ ਚੱਲਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ। ਘਰਾਂ ਦੇ ਬਾਹਰ ਅਤੇ ਸੜਕਾਂ ਕਿਨਾਰੇ ਝੁੰਡ ਬਣਾ ਕੇ ਬੈਠੇ ਇਹਨਾਂ ਜਾਨਵਰਾਂ ਕਾਰਣ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਤਕ ਮੁਸ਼ਿਕਲ ਹੋ ਰਿਹਾ ਹੈ। ਇਹ ਆਵਾਰਾ ਜਾਨਵਰ ਕਿਸੇ ਤਰ੍ਹਾਂ ਵੀ ਰਸਤਿਆਂ ਤੋ ਨਹੀਂ ਉਠਦੇ ਹਨ। ਲੋਕ ਇਹਨਾਂ ਜਾਨਵਰਾਂ ਤੋਂ ਪਰੇਸ਼ਾਨ ਹੋਣ ਕਾਰਨ ਬੱਚਿਆਂ ਨੂੰ ਬਾਹਰ ਖੇਡਣ ਲਈ ਭੇਜਣ ਤੋਂ ਵੀ ਡਰਦੇ ਹਨ।
ਸ਼ਹਿਰ ਦੀਆਂ ਮਾਰਕੀਟਾਂ ਦੇ ਬਾਹਰ ਵੀ ਇਹ ਗਊਆਂ, ਸਾਂਡ ਆਮ ਬੈਠੇ ਦੇਖੇ ਜਾ ਸਕਦੇ ਹਨ। ਜਿਸ ਕਾਰਨ ਦੁਕਾਨਦਾਰਾਂ ਨੂੰ ਗੱਡੀਆਂ ਕੱਢਣ ਵਿੱਚ ਤਾਂ ਪਰੇਸ਼ਾਨੀ ਹੁੰਦੀ ਹੀ ਹੈ, ਨਾਲ ਹੀ ਵਾਹਨਾਂ ਦੀ ਭੰਨ ਤੋੜ ਦਾ ਡਰ ਵੀ ਰਹਿੰਦਾ ਹੈ। ਇਹ ਜਾਨਵਰ ਮਾਰਕੀਟਾਂ ਦੇ ਅੰਦਰ ਆ ਕੇ ਗੋਹਾ ਕਰ ਦਿੰਦੇ ਹਨ, ਜਿਸ ਕਾਰਨ ਗੰਦਗੀ ਫੈਲਦੀ ਹੈ ਅਤੇ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ।
ਇਹ ਜਾਨਵਰ ਕੂੜੇਦਾਨਾਂ ਤੇ ਪਹੁੰਚਣ ਵਾਲੇ ਕੂੜੇ ਨੂੰ ਖਿਲਾਰ ਦਿੰਦੇ ਹਨ ਜਿਸ ਕਾਰਨ ਮੱਛਰ ਮੱਖੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ। ਬਰਸਾਤ ਦੇ ਚਲਦੇ ਇਹਨਾਂ ਦਿਨਾਂ ਵਿਚ ਮੱਛਰਾਂ ਦੇ ਫੈਲਣ ਨਾਲ ਬਿਮਾਰੀ ਦਾ ਖਤਰਾ ਰਹਿੰਦਾ ਹੈ ਅਤੇ ਇਹ ਜਾਨਵਰ ਇਸ ਵਿੱਚ ਹੋਰ ਵਾਧਾ ਕਰਦੇ ਹਨ।
ਇਹਨਾਂ ਆਵਾਰਾ ਪਸ਼ੂਆਂ ਨੂੰ ਸ਼ਹਿਰ ਦੇ ਪਾਰਕਾਂ ਵਿੱਚ ਘੁੰਮਦੇ ਦੇਖਿਆ ਜਾ ਸਕਦਾ ਹੈ। ਜਿਸ ਕਾਰਨ ਬੱਚੇ ਅਤੇ ਬਜੁਰਗਾਂ ਨੂੰ ਪਾਰਕ ਵਿਚ ਆਉਂਦੇ ਕਾਫੀ ਦਿਕਤਾਂ ਆਉਂਦੀਆਂ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਨੂੰ ਲੈ ਕੇ ਸਹੀ ਕਦਮ ਚੁੱਕੇ ਤਾਂ ਜੋ ਲੋਕ ਆਏ ਦਿਨ ਇਸ ਪਰੇਸ਼ਾਨੀ ਤੋਂ ਬਚ ਸਕਣ।