ਨਵਾਂਸ਼ਹਿਰ, 27 ਜੂਨ 2023 :ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਡਾ. ਸਤਵਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਮਿਤੀ 28 ਜੂਨ 2023 (ਬੁੱਧਵਾਰ) ਨੂੰ ਸਵੇਰੇ 9:00 ਞਜੇ ਤੋਂ ਸਵੈ-ਇੱਛੁਕ ਖੁੂਨਦਾਨ ਕੈਂਪ ਲਗਾਉਣ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਸਵੈ-ਇੱਛੁਕ ਸੰਗਠਨਾਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਅਤੇ ਆਮ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਤੀ 28/06/2023 (ਬੁੱਧਵਾਰ) ਨੂੰ ਸਵੇਰੇ 9:00 ਞਜੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਪਹੁੰਚ ਕੇ ਸਵੈ-ਇੱਛੁਕ ਖੂਨਦਾਨ ਕਰਨ ਲਈ ਵੱਡੀ ਪੱਧਰ ‘ਤੇ ਅੱਗੇ ਆਉਣ ਤਾਂ ਕਿ ਜ਼ਿਲ੍ਹੇ ਵਿੱਚ ਮੈਡੀਕਲ ਐਮਰਜੈਂਸੀ ਦੀ ਕਿਸੇ ਵੀ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰਨ ਲਈ ਖੂਨ ਦਾ ਉਚਿੱਤ ਭੰਡਾਰ ਉਪਲੱਬਧ ਰਹੇ।
ਉਨ੍ਹਾਂ ਅੱਗੇ ਕਿਹਾ ਕਿ ਇਹ ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰੀਏ, ਉਤਸ਼ਾਹਿਤ ਕਰੀਏ ਅਤੇ ਹਰ ਤਰ੍ਹਾਂ ਦੀਆਂ ਮਨੁੱਖਤਾਵਾਦੀ ਸਰਗਰਮੀਆਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਰਹੀਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਦੁੱਖ-ਤਕਲੀਫਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।
ਡਾ. ਕੌਰ ਨੇ ਸਵੈ-ਇੱਛੁਕ ਖੂਨਦਾਨੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਕਿਸੇ ਹੋਰ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇੱਕ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ 18 ਤੋਂ 65 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ, ਹਰ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਭਾਵ ਕਿ ਕੋਈ ਵਿਅਕਤੀ ਸਾਲ ਵਿੱਚ ਚਾਰ ਵਾਰੀ ਖੂਨ ਦੇ ਸਕਦਾ ਹੈ ਅਤੇ ਫਿਰ ਵੀ ਸਿਹਤਮੰਦ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈ। ਇਹ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ, ਬੀਪੀ ਕਾਬੂ ਕਰਦਾ ਹੈ, ਕੋਲੈਸਟਰਲ ਦਾ ਪੱਧਰ ਨੀਵਾਂ ਰਹਿੰਦਾ ਹੈ, ਮੋਟਾਪੇ ‘ਤੇ ਕਾਬੂ ਰਹਿੰਦਾ ਹੈ। ਸੰਖੇਪ ਵਿੱਚ ਇਹ “ਮਾਨਵ ਸੇਵਾ ਦੇ ਨਾਲ ਖੂਨਦਾਨੀ ਦੀ ਖੁਦ ਦੀ ਸਿਹਤ ਦੀ ਸੁਰੱਖਿਆ ਲਈ ਵੀ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਖੂਨਦਾਨ ਦੀ ਲਗਾਤਾਰ ਲੋੜ ਹੈ। ਦਾਨ ਕੀਤੇ ਗਏ ਖੂਨ ਨਾਲ ਕਿਸੇ ਵੀ ਵਿਅਕਤੀ ਨੂੰ ਇਲਾਜ, ਜਣੇਪੇ ਜਾਂ ਸੱਟ ਲੱਗਣ ‘ਤੇ ਪੈਦਾ ਹੋਈ ਖੂਨ ਦੀ ਕਮੀ ਨੂੰ ਪੂਰਾ ਕਰ ਸਕਦੀ ਹੈ। ਖੂਨਦਾਨ ਕਰਨ ਨਾਲ ਕੋਈ ਸਰੀਰਕ ਕਮਜੋਰੀ ਨਹੀਂ ਆਉਂਦੀ, ਬਲਕਿ 24 ਘੰਟੇ ਤੋਂ 7 ਦਿਨ ਦੇ ਅੰਦਰ-ਅੰਦਰ ਕੁਦਰਤੀ ਰੂਪ ਨਾਲ ਸਰੀਰ ਵਿੱਚ ਨਵਾਂ ਖੂਨ ਬਣ ਜਾਂਦਾ ਹੈ। ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਖ਼ੂਨ ਦੀ ਇੱਕ-ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ, ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ।