ਪਟਨਾ – ਬਿਹਾਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਆਈ ਕਮੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਤਾਲਾਬੰਦੀ ਨੂੰ ਖ਼ਤਮ ਕਰ ਦਿੱਤਾ ਹੈ। ਬਿਹਾਰ ਸਰਕਾਰ ਨੇ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਉਣ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਉੱਚ ਅਧਿਕਾਰੀਆਂ ਨਾਲ ਬੈਠਕ ਦੇ ਤੁਰੰਤ ਬਾਅਦ ਖ਼ੁਦ ਟਵਿੱਟਰ ਤੇ ਤਾਲਾਬੰਦੀ ਖ਼ਤਮ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਨਾਲ ਕੋਰੋਨਾ ਵਾਇਰਸ ਵਿਚ ਕਮੀ ਆਈ ਹੈ। ਤਾਲਾਬੰਦੀ ਖ਼ਤਮ ਕਰਦੇ ਹੋਏ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ (ਨਾਈਟ ਕਰਫਿਊ) ਜਾਰੀ ਰਹੇਗਾ। 50 ਫ਼ੀਸਦੀ ਹਾਜ਼ਰੀ ਨਾਲ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ 4 ਵਜੇ ਤੱਕ ਖੁੱਲ੍ਹਣਗੇ। ਦੁਕਾਨਾਂ ਖੁੱਲ੍ਹਣ ਦਾ ਸਮਾਂ 5 ਵਜੇ ਤੱਕ ਵਧਾਇਆ ਗਿਆ ਹੈ।ਉਨ੍ਹਾ ਕਿਹਾ ਕਿ ਆਨਲਾਈਨ ਸਿੱਖਿਆ ਦੇ ਕੰਮ ਕੀਤੇ ਜਾ ਸਕਣਗੇ। ਨਿੱਜੀ ਵਾਹਨ ਚੱਲਣ ਦੀ ਆਗਿਆ ਰਹੇਗੀ। ਇਹ ਵਿਵਸਥਾ ਅਗਲੇ ਹਫ਼ਤੇ ਤੱਕ ਰਹੇਗੀ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਲੋਕਾਂ ਨੂੰ ਅਜੇ ਵੀ ਭੀੜ ਤੋਂ ਬਚਣ ਦੀ ਲੋੜ ਹੈ। ਜਿਕਰਯੋਗ ਹੈ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 86,498 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 2,123 ਮੌਤਾਂ ਹੋਈਆਂ ਹਨ। ਹੁਣ ਦੇਸ਼ ਵਿੱਚ 13,03,702 ਸਰਗਰਮ ਮਾਮਲੇ ਹਨ ਅਤੇ ਮੌਤਾਂ ਦਾ ਅੰਕੜਾ 3,51,309 ਤੱਕ ਪੁੱਜ ਗਿਆ ਹੈ।