ਨਵੀਂ ਦਿੱਲੀ, 15 ਸਤੰਬਰ -ਪ੍ਰਵਾਸੀ ਮਜ਼ਦੂਰਾਂ ਦੇ ਮੌਤ ਦੇ ਅੰਕੜੇ ਬਾਰੇ ਸਰਕਾਰ ਨੂੰ ਨਾ ਪਤਾ ਹੋਣ ਤੇ ਸਿਆਸਤ ਗਰਮਾ ਗਈ ਹੈ| ਜਿਕਰਯੋਗ ਹੈ ਕਿ ਤਾਲਾਬੰਦੀ ਦੌਰਾਨ ਜਾਨ ਗਵਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਅੰਕੜਾ ਸਰਕਾਰ ਕੋਲ ਨਹੀਂ ਹੈ, ਜਿਸ ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ| ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ਤੇ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ| ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਪੁੱਛਿਆ ਕਿ ਜੇਕਰ ਪ੍ਰਵਾਸੀਆਂ ਦੀ ਮੌਤ ਦਾ ਰਿਕਾਰਡ ਨਹੀਂ ਰੱਖਿਆ ਤਾਂ ਕੀ ਮੌਤਾਂ ਨਹੀਂ ਹੋਈਆਂ?
ਰਾਹੁਲ ਗਾਂਧੀ ਨੇ ਟਵਿੱਟਰ ਤੇ ਟਵੀਟ ਕਰਕੇ ਸਰਕਾਰ ਨੂੰ ਸਵਾਲ ਕੀਤਾ ਕਿ ਮੋਦੀ ਸਰਕਾਰ ਨਹੀਂ ਜਾਣਦੀ ਕਿ ਤਾਲਾਬੰਦੀ ਵਿੱਚ ਕਿੰਨੇ ਪ੍ਰਵਾਸੀ ਮਜ਼ਦੂਰ ਮਰੇ ਅਤੇ ਕਿੰਨੀਆਂ ਨੌਕਰੀਆਂ ਗਈਆਂ| ਤੁਸੀਂ ਨਾ ਗਿਣਿਆ ਤਾਂ ਕੀ ਮੌਤ ਨਾ ਹੋਈ? ਹਾਂ ਪਰ ਦੁੱਖ ਹੈ ਸਰਕਾਰ ਤੇ ਅਸਰ ਨਾ ਹੋਇਆ, ਉਨ੍ਹਾਂ ਦਾ ਮਰਨਾ ਦੇਖਿਆ ਜ਼ਮਾਨੇ ਨੇ, ਇਕ ਮੋਦੀ ਸਰਕਾਰ ਹੈ, ਜਿਸ ਨੂੰ ਖਬਰ ਨਾ ਹੋਈ|