ਐਸ.ਏ.ਐਸ. ਨਗਰ, 17 ਜੂਨ 2023 – ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਖਰੜ ਸ਼ਹਿਰ ਦੇ ਵਾਰਡ ਨੰਬਰ 21 ਅਤੇ 5 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਖਰੜ ਦੇ ਵਸਨੀਕਾਂ ਨੇ ਅਪਣੀਆਂ ਵੱਖ ਵੱਖ ਮੁਸ਼ਕਲਾਂ ਬਾਰੇ ਆਪਣੇ ਵਿਧਾਇਕ ਤੇ ਸੈਰ ਸਪਾਟਾ ਮੰਤਰੀ ਨੂੰ ਜਾਣੂੰ ਕਰਵਾਇਆ। ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਹੁਤੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ। ਇਸ ਤੋਂ ਇਲਾਵਾ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਜਲਦੀ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਮੰਤਰੀ ਨੇ ਖਰੜ ਦੇ ਵਸਨੀਕਾਂ ਨਾਲ ਇਥੋਂ ਦੇ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਸ਼ੇਸ਼ ਚਰਚਾ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਲੇਬਰ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆਂ ਕਿ ਖਰੜ ਦੇ ਵਾਰਡ ਨੰਬਰ 21 ਅਤੇ 5 ਵਿੱਚ ਜਲਦੀ ਹੀ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹਨਾਂ ਵਿਕਾਸ ਦੇ ਕੰਮਾਂ ਵਿੱਚ ਗਲੀਆਂ ਵਿੱਚ ਲਾਇਟਾਂ ਲਗਾਉਣਾ, ਇੰਟਰਲੋਕਿੰਗ ਟਾਇਲਾਂ ਲਗਾਉਣਾ, ਪਾਰਕਾਂ ਦੇ ਵਿਕਾਸ, ਇੱਥੋਂ ਦੇ ਵਸਨੀਕਾਂ ਲਈ ਸਾਫ ਪੀਣ ਵਾਲਾ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਆਦਿ ਕੰਮ ਸ਼ਾਮਿਲ ਹਨ।