ਖਰੜ, 15 ਸਤੰਬਰ – ਜਿਲ੍ਹਾ ਐਸ ਏ ਐਸ ਨਗਰ ਪੁਲੀਸ ਵਲੋਂ ਖਰੜ ਦੇ ਰਾਮ ਭਵਨ ਵਿਖੇ ਨਸ਼ੇ ਦੇ ਖਿਲਾਫ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਐਸ ਐਸ ਪੀ ਮੁਹਾਲੀ ਸz. ਸਤਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਿਰ ਖਰੜ ਵਾਸੀਆਂ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਸਤਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਜੰਗ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਨਾਗਰਿਕ ਹੀ ਪੁਲੀਸ ਦੀ ਸਭਤੋਂ ਵੱਡੀ ਤਾਕਤ ਹਨ ਅਤੇ ਅਪਰਾਧਾਂ ਤੇ ਕਾਬੂ ਕਰਨ ਵਿੱਚ ਸ਼ਹਿਰ ਵਾਸੀ ਹੀ ਪੁਲੀਸ ਦੀ ਮਦਦ ਕਰ ਸਕਦੇ ਹਨ।
ਉਹਨਾਂ ਇਸ ਮੌਕੇ ਪੁਲੀਸ ਵੱਲੋਂ ਲੋਕਾਂ ਦੀ ਸੇਵਾ ਲਈ ਕੰਮਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਪੁਲੀਸ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਦੀ ਸੇਵਾ ਲਈ ਹਰ ਵਕਤ ਤਿਆਰ ਹੈ ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਸ ਪਾਸ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਵਾਰਦਾਤ ਜਾਂ ਘਟਨਾ ਵਾਪਰਦੀ ਹੈ ਤਾਂ ਹੁੰਦੀ ਹੈ ਤਾਂ ਤੁਸੀਂ ਪੁਲੀਸ ਨੂੰ ਬੇਝਿਜਕ ਦੱਸ ਸਕਦੇ ਹੋ। ਉਹਨਾਂ ਇਸ ਮੌਕੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਲਈ ਨਵੀਂ ਐਪ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਖਰੜ ਦੇ ਡੀ ਐਸ ਪੀ ਦੀਪਕ ਰਾਏ ਜਾਂ ਫਿਰ ਐਸ ਪੀ ਦਿਹਾਤੀ ਡਾ ਰਵਜੋਤ ਕੌਰ ਗਰੇਵਾਲ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਖਰੜ ਵਾਸੀਆਂ ਨੇ ਉਹਨਾਂ ਨੂੰ ਕਾਨੂੰਨ ਵਿਵਸਥਾ ਸੰਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਖਰੜ ਵਿੱਚ ਆਏ ਦਿਨ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਨਸ਼ੇ ਦਾ ਕਾਰੋਬਾਰ ਵੱਧ ਰਿਹਾ ਹੈ। ਇਸਦੇ ਨਾਲ ਹੀ ਨੌਜਵਾਨਾਂ ਵਿੱਚ ਸਬਰ ਦੀ ਘਾਟ ਹੋਣ ਕਾਰਨ ਲਗਾਤਾਰ ਲੜਾਈ ਝਗੜੇ ਅਤੇ ਖੂਨ ਖਰਾਬੇ ਹੋ ਰਹੇ ਹਨ। ਲੋਕਾਂ ਨੇ ਐਸ ਐਸ ਪੀ ਤੋਂ ਮੰਗ ਕੀਤੀ ਕਿ ਇਸ ਸੰਬੰਧੀ ਲੋੜੀਂਦੇ ਕਾਰਵਾਈ ਕੀਤੀ ਜਾਵੇ ਅਤੇ ਪੁਲੀਸ ਨੂੰ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਨਗਰ ਕੌਂਸਲ ਖਰੜ ਦੇ ਚੁਣੇ ਹੋਏ ਕੌਸਲਰਾਂ ਤੋਂ ਇਲਾਵਾ ਐਸ ਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ, ਡੀ ਐਸ ਪੀ ਖਰੜ ਦੀਪਕ ਰਾਏ ਐਸ ਐਚ ਓ ਸਿਟੀ ਖਰੜ ਅਸ਼ੋਕ ਕੁਮਾਰ ਵੀ ਹਾਜਿਰ ਸਨ।