ਐਸ ਏ ਐਸ ਨਗਰ, 27 ਜਨਵਰੀ- ਸਾਡੇ ਸ਼ਹਿਰ ਵਿਚਲੀ ਮੰਗਤਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ ਅਤੇ ਸ਼ਹਿਰ ਦੇ ਵੱਖ ਵੰਖ ਖੇਤਰਾਂ ਵਿੱਚ ਘੁੰਮਦੇ ਅਤੇ ਆਪਣੇ ਪੱਕੇ ਟਿਕਾਣੇ ਬਣਾ ਕੇ ਬੈਠੇ ਭੀਖ ਮੰਗਣ ਵਾਲੇ ਮੰਗਤਿਆਂ ਤੋਂ ਸ਼ਹਿਰ ਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ,ਪਾਰਕਿੰਗਾਂ ਅਤੇ ਸ਼ਹਿਰ ਦੇ ਵੱਖ ਵੱਖ ਲਾਈਟ ਪੁਆਇੰਟਾਂ ਤੇ ਇਹਨਾਂ ਦੇ ਪੱਕੇ ਟਿਕਾਣੇ ਹਨ।
ਇਹਨਾਂ ਮੰਗਤਿਆਂ ਵਿਚ ਜਿਆਦਾਤਰ ਗਿਣਤੀ ਪਰਵਾਸੀ ਔਰਤਾਂ ਅਤੇ ਬੱਚਿਆਂ ਦੀ ਹੁੰਦੀ ਹੈ। ਇਸ ਤੋਂ ਇਲਾਵਾ ਅਨੇਕਾਂ ਮਰਦ ਮੰਗਤੇ ਵੀ ਭੀਖ ਮੰਗਦੇ ਨਜਰ ਆ ਜਾਂਦੇ ਹਨ। ਜਦੋਂ ਵੀ ਕੋਈ ਰਾਹਗੀਰ ਇਹਨਾਂ ਦੇ ਨੇੜਿਓ ਲੰਘਦਾ ਹੈ ਤਾਂ ਇਹ ਮੰਗਤੇ ਤੁਰੰਤ ਉਸਤੋਂ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਹਨ। ਭੀਖ ਮੰਗਣ ਵਾਲੇ ਛੋਟੇ ਬੱਚੇ ਅਕਸਰ ਮਾਰਕੀਟ ਵਿੱਚ ਆਏ ਲੋਕਾਂ ਨੂੰ ਘੇਰ ਲਂੈਦੇ ਹਨ ਅਤੇ ਬਹੁਤ ਦਯਾਹੀਣ ਸੂਰਤ ਬਣਾ ਕੇ ਭੀਖ ਮੰਗਦੇ ਹਨ। ਅਕਸਰ ਲੋਕ ਇਹਨਾਂ ਤੇ ਤਰਸ ਖਾ ਕੇ ਇਹਨਾਂ ਨੂੰ ਭੀਖ ਵਿਚ ਕੁਝ ਰੁਪਏ ਦੇ ਦਿੰਦੇ ਹਨ।
ਸ਼ਹਿਰ ਦੇ ਲਾਈਟ ਪੁਆਇੰਟਾਂ ਤੇ ਜਦੋਂ ਵੀ ਲਾਲ ਬੱਤੀ ਹੋਣ ਤੇ ਵਾਹਨ ਰੁਕਦੇ ਹਨ ਤਾਂ ਵੱਡੀ ਗਿਣਤੀ ਵਿੱਚ ਮੰਗਤੇ ਵਾਹਨ ਚਾਲਕਾਂ ਤੋਂ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਵਾਰ ਤਾਂ ਭੀਖ ਮੰਗਣ ਵਾਲੇ ਛੋਟੇ ਬੱਚੇ ਵਾਹਨਾਂ ਦੇ ਪਿੱਛੇ ਵੀ ਭੱਜਦੇ ਹਨ। ਆਮ ਲੋਕ ਇਹਨਾਂ ਮੰਗਤਿਆਂ ਤੋਂ ਪਿੱਛਾ ਛੁੜਵਾਉਣ ਲਈ ਇਹਨਾਂ ਨੂੰ ਭੀਖ ਵਿੱਚ ਕੁਝ ਰੁਪਏ ਦੇ ਦਿੰਦੇ ਹਨ।
ਸ਼ਹਿਰ ਵਿੱਚ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਨੇੜੇ ਵੱਡੀ ਗਿਣਤੀ ਮੰਗਤਿਆਂ ਨੇ ਪੱਕੇ ਅੱਡੇ ਬਣਾਏ ਹੋਏ ਹਨ, ਜਦੋਂ ਵੀ ਕੋਈ ਵਿਅਕਤੀ ਇਹਨਾਂ ਦੁਕਾਨਾਂ ਤੋਂ ਖਾਣ ਪੀਣ ਦਾ ਸਮਾਨ ਖਰੀਦ ਕੇ ਵਾਪਸ ਜਾਣ ਲੱਗਦਾ ਹੈ ਤਾਂ ਇਹ ਮੰਗਤੇ ਬ ਹੁਤ ਲਲਚਾਈਆਂ ਨਜਰਾਂ ਨਾਲ ਖਾਣ ਪੀਣ ਦੇ ਸਮਾਨ ਵੱਲ ਵੇਖਦੇ ਹਨ ਅਤੇ ਉਚੀ ਆਵਾਜ ਵਿੱਚ ਉਸ ਵਿਅਕਤੀ ਤੋਂ ਭੀਖ ਮੰਗਦੇ ਹਨ, ਜਿਸ ਕਰਕੇ ਅਕਸਰ ਲੋਕ ਇਹਨਾਂ ਨੂੰ ਕੁਝ ਖਾਣ ਪੀਣ ਦਾ ਸਮਾਨ ਦੇ ਦਿੰਦੇ ਹਨ।
ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਘੁੰਮਦੇ ਮੰਗਤਿਆਂ ਨੂੰ ਪ੍ਰਸ਼ਾਸਨ ਵਲੋਂ ਕਾਬੂ ਕੀਤਾ ਜਾਵੇ।