ਅੰਮ੍ਰਿਤਸਰ, 20 ਜੂਨ 2020 – ਬਿਨਾਂ ਪੈਸਾ ਇਕੱਠਾ ਕੀਤਿਆਂ ਆਪਣੀ ਨਿੱਜੀ ਕਮਾਈ ਦਾ 98 ਫ਼ੀਸਦੀ ਹਿੱਸਾ ਭਾਵ ਕਰੋੜਾਂ ਰੁਪਏ ਖਰਚ ਕੇ ਅਰਬ ਦੇਸ਼ਾਂ ‘ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਲਿਆਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਫਿਰ ਆਪਣੇ ਵੱਡੇ ਜਿਗਰੇ ਦਾ ਸਬੂਤ ਦਿੰਦਿਆਂ ਖਾੜੀ ਦੇਸ਼ਾਂ ਅੰਦਰ ਫਸੇ ਉੱਤਰੀ ਭਾਰਤ ਨਾਲ ਸਬੰਧਿਤ ਸੈੰਕੜੇ ਲੋਕਾਂ ਨੂੰ ਆਪਣੇ ਖਰਚ ‘ਤੇ ਵਾਪਸ ਵਤਨ ਲੈ ਕੇ ਆਉਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ ਜੋ ਆਪਣੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਫਸੇ ਭਾਰਤੀਆਂ ਬਾਰੇ ਬਰੀਕੀ ਨਾਲ ਜਾਣਕਾਰੀ ਇਕੱਠੀ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਉੱਥੇ ਫਸੇ ਲੋਕ ਚਾਰ ਵੱਖ-ਵੱਖ ਵਰਗਾਂ ਦੇ ਹਨ ਜਿਨ੍ਹਾਂ ‘ਚੋਂ ਇੱਕ ਉਹ ਲੋਕ ਹਨ ਜੋ ਦੁਬਈ ‘ਚ ਘੁੰਮਣ ਲਈ ਗਏ ਸਨ ਪਰ ਉੱਥੇ ਫਸ ਗਏ।
ਉਨ੍ਹਾਂ ਕਿਹਾ ਕਿ ਇਹ ਵਰਗ ਤਾਂ ਆਪਣੇ ਕੋਲੋਂ ਸਾਰੇ ਪੈਸੇ ਖਰਚ ਕੇ ਵਾਪਸ ਆਉਣ ਦੇ ਸਮਰੱਥ ਹੈ। ਦੂਜਾ ਵਰਗ ਉਹ ਹੈ ਜੋ ਉੱਥੇ ਵੱਡੀਆਂ ਕੰਪਨੀਆਂ ‘ਚ ਕੰਮ ਕਰਨ ਵਾਲੇ ਕਾਮੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕੰਪਨੀਆਂ ਹੀ ਆਪਣੇ ਖਰਚ ‘ਤੇ ਵਾਪਸ ਭੇਜਣ ਲਈ ਤਿਆਰ ਹਨ ਅਤੇ ਤੀਜਾ ਵਰਗ ਉਹ ਹੈ ਜੋ ਵਾਪਸ ਆਉਣ ਲਈ ਆਪਣੇ ਕੋਲੋਂ ਵੀ 25 ਤੋਂ 50 ਫੀਸਦੀ ਖਰਚ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਦ ਕਿ ਚੌਥਾ ਵਰਗ ਜੋ ਸਭ ਤੋੰ ਵੱਧ ਗਿਣਤੀ ਭਾਵ ਹਜ਼ਾਰਾਂ ‘ਚ ਹੈ,ਉਹ ਅਜਿਹੇ ਕਾਮੇ ਹਨ ਜੋ ਕਰੋਨਾ ਮਹਾਂਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਨ ਸੜਕਾਂ ‘ਤੇ ਆ ਚੁੱਕੇ ਹਨ।
ਉਨ੍ਹਾਂ ਦੀ ਹਾਲਤ ਐਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ ਅਤੇ ਉਨ੍ਹਾਂ ਨੂੰ ਹਰ ਰੋਜ਼ ਅਜਿਹੇ ਲੋਕਾਂ ਦੇ ਸੈਂਕੜੇ ਫੋਨ ਮਦਦ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਬਈ ਅੰਦਰ ਉਨ੍ਹਾਂ ਦੀਆਂ ਆਪਣੀਆਂ ਨਿੱਜੀ ਰਿਹਾਇਸ਼ੀ ਪਨਾਹਗਾਹਾਂ ਅੰਦਰ ਜਿੰਨੀ ਜਗ੍ਹਾ ਖਾਲੀ ਸੀ,ਉਨ੍ਹਾਂ ਅੰਦਰ ਤਾਂ ਉਹ ਸੈੰਕੜੇ ਬੇਰੁਜ਼ਗਾਰ ਕਾਮਿਆਂ ਨੂੰ ਆਪਣੇ ਪੱਧਰ ‘ਤੇ ਮੁਫ਼ਤ ਰਿਹਾਇਸ਼ ਤੇ ਖਾਣਾ ਦੇ ਰਹੇ ਹਨ ਪਰ ਸਭ ਨੂੰ ਉੱਥੇ ਰੱਖਣਾ ਅਸੰਭਵ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਦੁਬਈ ਤੋਂ ਭਾਰਤ ਆਉਣ ਲਈ ਪੰਜੀਕ੍ਰਿਤ (ਰਜਿਸਟਰਡ) ਹੋਏ ਲੋਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਲਿਆਂਦਾ ਜਾ ਰਿਹਾ ਹੈ ਪਰ ਸੀਮਤ ਉਡਾਣਾਂ ਹੋਣ ਕਾਰਨ ਬਹੁਤ ਸਮਾਂ ਲੱਗ ਰਿਹਾ ਹੈ, ਜਿਸ ਕਾਰਨ ਦਿਨ ਬਦਿਨ ਉੱਥੇ ਬੇਰੁਜ਼ਗਾਰ ਹੋਏ ਲੋਕਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮਸਲੇ ਸਬੰਧੀ ਸਾਰੀ ਰੂਪ-ਰੇਖਾ ਤਿਆਰ ਕੀਤੀ ਹੈ,ਜਿਸ ਤਹਿਤ ਅਰਬ ਦੇਸ਼ਾਂ ‘ਚ ਫਸੇ ਲੋਕਾਂ ਨੂੰ ਕੱਢਣ ਲਈ ਵਿਸ਼ੇਸ਼ ਚਾਰਟਰਡ ਜਹਾਜ਼ ਚਲਾਉਣ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਇੱਕ ਚਾਰਟਰਡ ਜਹਾਜ਼ ਅੰਦਰ 190 ਯਾਤਰੀ ਆ ਸਕਦੇ ਹਨ ਅਤੇ ਕੰਪਨੀ ਉਸ ਲਈ ਪ੍ਰਤੀ ਯਾਤਰੀ 22 ਤੋਂ 24 ਹਜ਼ਾਰ ਰੁਪਏ ਬਤੌਰ ਟਿਕਟ ਵਸੂਲ ਕਰੇਗੀ।
ਡਾ.ਓਬਰਾਏ ਨੇ ਦੱਸਿਆ ਕਿ ਉਨ੍ਹਾਂ ਇਸ ਮਸਲੇ ਦੇ ਹੱਲ ਲਈ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਸਮੁੱਚੇ ਵਿਸ਼ਵ ਅੰਦਰ ਕੰਮ ਕਰ ਰਹੀਆਂ ਸਾਰੀਆਂ ਸਿੱਖ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਰਬ ਦੇਸ਼ਾਂ ‘ਚ ਫ਼ਸੇ ਕਾਮਿਆਂ ਨੂੰ ਵਾਪਸ ਲੈ ਕੇ ਆਉਣ ਲਈ ਸਾਂਝੇ ਰੂਪ ‘ਚ ਕੰਮ ਕਰਨ ਲਈ ਕਿਹਾ ਸੀ ਅਤੇ ਜਿਸ ‘ਤੇ ਮੈਂ ਇਸ ਕਾਰਜ ‘ਤੇ ਆਉਣ ਵਾਲੇ ਸਾਰੇ ਖ਼ਰਚ ਦਾ 25 ਫ਼ੀਸਦੀ ਭਾਵ ਚੌਥਾ ਹਿੱਸਾ ਆਪਣੇ ਵੱਲੋਂ ਨਿੱਜੀ ਰੂਪ ‘ਚ ਖ਼ਰਚ ਕਰਨ ਦਾ ਵੀ ਐਲਾਨ ਕੀਤਾ ਸੀ ਪਰ ਇਸ ਮਸਲੇ ਦੇ ਹੱਲ ਲਈ ਕਿਸੇ ਵੀ ਹੋਰ ਸੰਸਥਾ ਦੇ ਅੱਗੇ ਨਾ ਆਉਣ ਕਾਰਨ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਹੁਣ ਉਹ ਖ਼ੁਦ ਉੱਤਰੀ ਭਾਰਤ ਦੇ 4 ਸੂਬਿਆਂ ਭਾਵ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨਾਲ ਸਬੰਧਿਤ ਲੋਕਾਂ ਨੂੰ ਵਾਪਸ ਲਿਆਉਣ ਲਈ ਪਹਿਲੇ ਪੜਾਅ ਤਹਿਤ 4 ਚਾਰਟਰਡ ਜਹਾਜ਼ ਬੁੱਕ ਕਰ ਕੇ ਉੱਥੇ ਫ਼ਸੇ ਲੋਕਾਂ ਨੂੰ ਵਤਨ ਲੈ ਕੇ ਆਉਣਗੇ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਦੀ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਦੋ ਵਾਰ ਮੀਟਿੰਗ ਹੋ ਚੁੱਕੀ ਹੈ ਅਤੇ ਸ.ਔਜਲਾ ਭਾਰਤ ਸਰਕਾਰ ਕੋਲੋਂ ਇਸ ਸਬੰਧੀ ਮਨਜ਼ੂਰੀ ਲੈਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਉਪਰੰਤ ਤੁਰੰਤ ਹੀ ਉਨ੍ਹਾਂ ਵੱਲੋਂ ਦੁਬਈ ‘ਚ ਫ਼ਸੇ ਲੋਕਾਂ ਨੂੰ ਵਾਪਸ ਲੈ ਕੇ ਆਉਣ ਦਾ ਕੰਮ ਅਰੰਭ ਦਿੱਤਾ ਜਾਵੇਗਾ।
ਡਾ.ਐੱਸ.ਪੀ. ਸਿੰਘ ਓਬਰਾਏ ਦੇ ਇਸ ਵੱਡੇ ਐਲਾਨ ਸਦਕਾ ਇੱਕ ਵਾਰ ਮੁੜ ਪੂਰੀ ਦੁਨੀਆ ਅੰਦਰ ਇਸ ਵੱਡੇ ਦਿਲ ਵਾਲੇ ਸਰਦਾਰ ਦੇ ਚਰਚੇ ਪੂਰੇ ਜ਼ੋਰਾਂ ‘ਤੇ ਹਨ।